ਸੂਰਯਕੁਮਾਰ ਯਾਦਵ ਦਾ ਟੀ-20 ਬੱਲੇਬਾਜ਼ੀ ਰੈਂਕਿੰਗ ''ਚ ਦਬਦਬਾ, ਇਹ ਹਨ ਚੋਟੀ ਦੇ ਗੇਂਦਬਾਜ਼ ਅਤੇ ਆਲਰਾਊਂਡਰ
Wednesday, Nov 16, 2022 - 09:33 PM (IST)

ਦੁਬਈ— ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਆਈਸੀਸੀ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ 'ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਸੂਰਯਕੁਮਾਰ ਟੀ-20 ਵਿਸ਼ਵ ਕੱਪ ਦੇ ਸੁਪਰ 12 ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨੰਬਰ ਇੱਕ ਬੱਲੇਬਾਜ਼ ਵਜੋਂ ਉਭਰਿਆ ਜਿਸ ਵਿੱਚ ਉਸ ਨੇ ਪੰਜ ਪਾਰੀਆਂ ਵਿੱਚ ਤਿੰਨ ਅਰਧ ਸੈਂਕੜੇ ਲਗਾਏ। ਇਸ ਨਾਲ ਉਸ ਨੂੰ ਕਰੀਅਰ ਦੇ ਸਰਵੋਤਮ 869 ਰੇਟਿੰਗ ਅੰਕ ਮਿਲੇ।
ਇੰਗਲੈਂਡ ਖਿਲਾਫ ਸੈਮੀਫਾਈਨਲ 'ਚ 14 ਦੌੜਾਂ 'ਤੇ ਆਊਟ ਹੋਣ ਕਾਰਨ ਇਸ 'ਚ ਦਸ ਅੰਕਾਂ ਦੀ ਗਿਰਾਵਟ ਆਈ ਪਰ ਉਨ੍ਹਾਂ ਨੇ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਸੂਰਯਾ ਨੇ ਵਿਸ਼ਵ ਕੱਪ ਵਿੱਚ 189.68 ਦੀ ਸਟ੍ਰਾਈਕ ਰੇਟ ਨਾਲ 239 ਦੌੜਾਂ ਬਣਾਈਆਂ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਰਿਹਾ। ਇੰਗਲੈਂਡ ਦੇ ਐਲੇਕਸ ਹੇਲਸ ਨੇ ਭਾਰਤ ਖਿਲਾਫ ਸੈਮੀਫਾਈਨਲ 'ਚ 47 ਗੇਂਦਾਂ 'ਤੇ ਅਜੇਤੂ 86 ਦੌੜਾਂ ਦੀ ਪਾਰੀ ਖੇਡੀ ਅਤੇ 22 ਸਥਾਨ ਚੜ੍ਹ ਕੇ 12ਵੇਂ ਸਥਾਨ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ 2022: ਬਿਨਾਂ ਕਿੱਲ ਨਾਲ ਬਣੀ ‘ਬੁਰਹਾਨ’ ਵਧਾਏਗੀ ਫੀਫਾ ’ਚ ਭਾਰਤ ਦੀ ਸ਼ਾਨ
ਸਿਖਰਲੇ ਦਸਾਂ ਵਿਚ ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਇਕ ਸਥਾਨ ਚੜ੍ਹ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ ।ਦੱਖਣੀ ਅਫਰੀਕਾ ਦੇ ਰਿਲੇ ਰੋਸੋਵ ਸੱਤਵੇਂ ਸਥਾਨ 'ਤੇ ਖਿਸਕ ਗਏ ਹਨ ਜਦਕਿ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਇਕ ਸਥਾਨ ਹੇਠਾਂ ਅੱਠਵੇਂ ਸਥਾਨ 'ਤੇ ਆ ਗਏ ਹਨ। ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਦੂਜੇ ਅਤੇ ਦੱਖਣੀ ਅਫਰੀਕਾ ਦੇ ਏਡੇਨ ਮਾਰਕਰਮ ਪੰਜਵੇਂ ਜਦਕਿ ਡੇਵੋਨ ਕੋਨਵੇ ਚੌਥੇ ਸਥਾਨ 'ਤੇ ਖਿਸਕ ਗਏ ਹਨ।
ਗੇਂਦਬਾਜ਼ਾਂ 'ਚ ਇੰਗਲੈਂਡ ਦਾ ਆਦਿਲ ਰਾਸ਼ਿਦ ਪੰਜ ਸਥਾਨ ਚੜ੍ਹ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਉਸ ਨੇ ਸੈਮੀਫਾਈਨਲ 'ਚ ਭਾਰਤ ਅਤੇ ਫਾਈਨਲ 'ਚ ਪਾਕਿਸਤਾਨ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਅਤੇ ਫਾਈਨਲ ਵਿੱਚ ਮੈਚ ਦਾ ਸਰਵੋਤਮ ਖਿਡਾਰੀ ਸੈਮ ਕੁਰੇਨ ਦੋ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਿਆ। ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਸਿਖਰ 'ਤੇ ਬਰਕਰਾਰ ਹਨ ਜਦਕਿ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਦੂਜੇ ਸਥਾਨ 'ਤੇ ਹਨ। ਆਲਰਾਊਂਡਰਾਂ 'ਚ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਸਿਖਰ 'ਤੇ, ਅਫਗਾਨਿਸਤਾਨ ਦਾ ਮੁਹੰਮਦ ਨਬੀ ਦੂਜੇ ਅਤੇ ਭਾਰਤ ਦੇ ਹਾਰਦਿਕ ਪੰਡਯਾ ਤੀਜੇ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।