ਸੂਰਿਆਕੁਮਾਰ ਯਾਦਵ ਅਤੇ ਦੀਪਕ ਚਾਹਰ ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ''ਚੋਂ ਬਾਹਰ
Wednesday, Feb 23, 2022 - 12:53 PM (IST)
ਲਖਨਊ (ਭਾਸ਼ਾ)- ਫਾਰਮ ਵਿਚ ਚੱਲ ਰਹੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਹੱਥ ਦੀ ਸੱਟ ਕਾਰਨ ਸ੍ਰੀਲੰਕਾ ਖ਼ਿਲਾਫ਼ 3 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। ਸੀਰੀਜ਼ ਵੀਰਵਾਰ ਨੂੰ ਸ਼ੁਰੂ ਹੋਵੇਗੀ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸੂਰਿਆਕੁਮਾਰ ਅਤੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਇਸ ਵਿਚ ਨਹੀਂ ਖੇਡ ਸਕਣਗੇ। ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਇਕ ਬਿਆਨ ਵਿਚ ਕਿਹਾ, "ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਸ੍ਰੀਲੰਕਾ ਖ਼ਿਲਾਫ਼ ਆਗਾਮੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ।"
ਬਿਆਨ 'ਚ ਕਿਹਾ ਗਿਆ ਹੈ, ''ਐਤਵਾਰ ਨੂੰ ਕੋਲਕਾਤਾ 'ਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਗਏ ਤੀਜੇ ਅਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਦੀਪਕ ਦੀ ਸੱਜੇ ਪੈਰ ਦੀਆਂ ਮਾਸਪੇਸ਼ੀ 'ਚ ਖਿਚਾਅ ਆ ਗਿਆ ਸੀ, ਜਦਕਿ ਸੂਰਿਆਕੁਮਾਰ ਨੂੰ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ। ਚਾਹਰ ਅਤੇ ਸੂਰਿਆਕੁਮਾਰ ਹੁਣ ਆਪਣੀਆਂ ਸੱਟਾਂ ਦੇ ਇਲਾਜ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਜਾਣਗੇ। ਬੀ.ਸੀ.ਸੀ.ਆਈ. ਨੇ ਇਨ੍ਹਾਂ 2 ਜ਼ਖ਼ਮੀ ਖਿਡਾਰੀਆਂ ਦੀ ਥਾਂ ਕਿਸੇ ਖਿਡਾਰੀ ਦੀ ਚੋਣ ਨਹੀਂ ਕੀਤੀ ਹੈ, ਕਿਉਂਕਿ ਟੀਮ ਵਿਚ ਪਹਿਲਾਂ ਹੀ ਵਿਕਲਪ ਮੌਜੂਦ ਹਨ।
ਭਾਰਤੀ ਟੀਮ ਇਸ ਪ੍ਰਕਾਰ ਹੈ
ਰੋਹਿਤ ਸ਼ਰਮਾ (ਕਪਤਾਨ), ਰੂਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਈਸ਼ਾਨ ਕਿਸ਼ਨ (ਵਿਕੇਟੀਆ), ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਭੁਵਨੇਸ਼ਵਰ ਪਟੇਲ, ਹਰਸ਼ ਪਟੇਲ, ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਅਵੇਸ਼ ਖਾਨ।