ਸੂਰਿਆਕੁਮਾਰ ਨੂੰ ਮੈਚ ਲਈ ਫਿੱਟ ਹੋਣ ’ਚ ਅਜੇ ਕੁਝ ਹੋਰ ਦਿਨ ਲੱਗਣਗੇ

03/28/2024 8:42:05 PM

ਨਵੀਂ ਦਿੱਲੀ– ਦੁਨੀਆ ਦੇ ਨੰਬਰ ਇਕ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਹਰਨੀਆ ਦੀ ਸਰਜਰੀ ਤੋਂ ਪੂਰੀ ਤਰ੍ਹਾਂ ਨਹੀਂ ਉੱਭਰ ਸਕੇ ਹਨ ਤੇ ਆਈ. ਪੀ. ਐੱਲ. ਦੇ ਕੁਝ ਹੋਰ ਮੈਚਾਂ ’ਚ ਨਹੀਂ ਖੇਡ ਸਕਣਗੇ। ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਉਸਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਸੂਰਿਆਕੁਮਾਰ ਮੌਜੂਦਾ ਸੈਸ਼ਨ ’ਚ ਅਜੇ ਤਕ ਕੋਈ ਮੈਚ ਨਹੀਂ ਖੇਡ ਸਕੇ ਹਨ ਤੇ ਉਨ੍ਹਾਂ ਦੀ ਟੀਮ ਨੂੰ ਦੋਵੇਂ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰ ਨੇ ਕਿਹਾ,‘‘ਸੂਰਿਆਕੁਮਾਰ ਦੀ ਫਿਟਨੈੱਸ ’ਚ ਕਾਫੀ ਸੁਧਾਰ ਹੋ ਰਿਹਾ ਹੈ ਤੇ ਕਾਫੀ ਜਲਦ ਉਹ ਮੁੰਬਈ ਇੰਡੀਅਨਜ਼ ਵੱਲੋਂ ਵਾਪਸੀ ਕਰੇਗਾ। ਸ਼ੁਰੂਆਤੀ ਦੋ ਮੈਚਾਂ ਵਿਚ ਨਾ ਖੇਡ ਸਕਣ ਤੋਂ ਬਾਅਦ ਹਾਲਾਂਕਿ ਉਸ ਨੂੰ ਕੁਝ ਹੋਰ ਮੁਕਾਬਲਿਆਂ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ।’’
ਮੁੰਬਈ ਇੰਡੀਅਨਜ਼ ਨੂੰ ਸੂਰਿਆਕੁਮਾਰ ਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਬੀ. ਸੀ. ਸੀ. ਆਈ. ਇਸ ਹਮਲਾਵਰ ਬੱਲੇਬਾਜ਼ ਦੀ ਫਿਟਨੈੱਸ ਨੂੰ ਲੈ ਕੇ ਕੋਈ ਜ਼ੋਖ਼ਿਮ ਨਹੀਂ ਚੁੱਕਣਾ ਚਾਹੁੰਦੀ ਕਿਉਂਕਿ ਜੂਨ ਵਿਚ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਉਸਦੇ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਹੈ। ਸੂਤਰ ਨੇ ਕਿਹਾ, ‘‘ਬੀ. ਸੀ. ਸੀ. ਆਈ. ਲਈ ਮੁੱਖ ਚਿੰਤਾ ਇਹ ਹੈ ਕਿ ਉਹ ਟੀ-20 ਵਿਸ਼ਵ ਕੱਪ ਵਿਚ ਖੇਡਣ ਦੇ ਰਸਤੇ ’ਤੇ ਹੈ ਜਾਂ ਨਹੀਂ ਤੇ ਉਹ ਕਿਸ ਸਥਿਤੀ ਵਿਚ ਹੈ।’’
ਮੈਦਾਨ ਦੇ ਚਾਰੇ ਪਾਸੇ ਸ਼ਾਟਾਂ ਖੇਡਣ ਦੀ ਸਮਰੱਥਾ ਲਈ 33 ਸਾਲਾ ਸੂਰਿਆਕੁਮਾਰ ਦੀ ਤੁਲਨਾ ਕਈ ਵਾਰ ਦੱਖਣੀ ਅਫਰੀਕਾ ਦੇ ਸੰਨਿਆਸ ਲੈ ਚੁੱਕੇ ਧਾਕੜ ਬੱਲੇਬਾਜ ਏ. ਬੀ. ਡਿਵਿਲੀਅਰਸ ਨਾਲ ਹੁੰਦੀ ਹੈ। ਉਨ੍ਹਾਂ ਨੇ ਇਸ ਸਵਰੂਪ ਵਿਚ 171.55 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਸੂਰਿਆਕੁਮਾਰ ਨੇ ਭਾਰਤ ਲਈ 60 ਟੀ-20 ਕੌਮਾਂਤਰੀ ਮੁਕਾਬਲਿਆਂ ’ਚ 4 ਸੈਂਕੜਿਆਂ ਦੀ ਮਦਦ ਨਾਲ 2141 ਦੌੜਾਂ ਬਣਾਈਆਂ ਹਨ। ਮੁੰਬਈ ਇੰਡੀਅਨਜ਼ ਦੀ ਟੀਮ ਸੋਮਵਾਰ ਨੂੰ ਮੁੰਬਈ ਵਿਚ ਆਪਣੇ ਘਰੇਲੂ ਮੁਕਾਬਲੇ ਵਿਚ ਰਾਜਸਥਾਨ ਨਾਲ ਭਿੜੇਗੀ।


Aarti dhillon

Content Editor

Related News