ਫੈਡਰਰ ਨੂੰ ਟੱਕਰ ਦੇਣ ਦੇ ਬਾਅਦ ਵੀ ਕੋਈ ਮੇਰਾ ਸਮਰਥਨ ਨਹੀਂ ਕਰ ਰਿਹਾ : ਨਾਗਲ
Monday, Sep 30, 2019 - 04:17 PM (IST)

ਨਵੀਂ ਦਿੱਲੀ— ਆਪਣੇ ਦਮਦਾਰ ਖੇਡ ਨਾਲ ਯੂ.ਐੱਸ. ਓਪਨ 'ਚ ਦਿੱਗਜ ਰੋਜਰ ਫੈਡਰਰ ਨੂੰ ਟੱਕਰ ਦੇਣ ਵਾਲੇ ਭਾਰਤੀ ਖਿਡਾਰੀ ਸੁਮਿਤ ਨਾਗਲ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਸਮਰਥਨ ਦੀ ਜ਼ਰੂਰਤ ਹੈ ਪਰ ਲੋਕ ਉਨ੍ਹਾਂ ਤੋਂ ਦੂਰ ਭਜ ਰਹੇ ਹਨ। ਨਾਗਲ ਨੇ ਯੂ.ਐੱਸ. ਓਪਨ ਦੇ ਬਾਅਦ ਚੈਲੰਜਰ ਸਰਕਟ ਦੇ ਦੋ ਟੂਰਨਾਮੈਂਟਾਂ ਦੇ ਫਾਈਨਲ 'ਚ ਜਗ੍ਹਾ ਬਣਾਈ। ਐਤਵਾਰ ਨੂੰ ਬਿਊਨਸ ਆਇਰਸ ਚੈਲੰਜਰ ਨੂੰ ਜਿੱਤਣ ਵਾਲੇ 22 ਸਾਲ ਦੇ ਇਸ ਖਿਡਾਰੀ ਨੇ ਏ.ਟੀ.ਪੀ. ਰੈਂਕਿੰਗ 'ਚ 26 ਸਥਾਨਾਂ ਦਾ ਸੁਧਾਰ ਕੀਤਾ ਅਤੇ 135ਵੀਂ ਪਾਇਦਾਨ 'ਚ ਪਹੁੰਚ ਗਏ।
ਉਹ ਰੈਂਕਿੰਗ 'ਚ ਪ੍ਰਜਨੇਸ਼ ਗੁਣੇਸ਼ਵਨਰ (84) ਦੇ ਬਾਅਦ ਦੂਜੇ ਸਰਵਸ੍ਰੇਸ਼ਠ ਖਿਡਾਰੀ ਹਨ। ਪੈਸਿਆਂ ਦੀ ਕਮੀ ਕਾਰਨ ਅਰਜਨਟੀਨਾ 'ਚ ਖੇਡੇ ਗਏ ਚੈਲੰਜਰ ਟੂਰਨਾਮੈਂਟ 'ਚ ਉਨ੍ਹਾਂ ਨਾਲ ਨਾ ਤਾਂ ਕੋਚ ਸਨ ਅਤੇ ਨਾ ਹੀ ਫਿਜ਼ੀਓ। ਨਾਗਲ ਨੇ ਕਿਹਾ, ''ਮੈਂ ਇੱਥੇ ਇਕੱਲਾ ਸੀ। ਮੇਰੀ ਮਦਦ ਲਈ ਵੀ ਕੋਈ ਉੱਥੇ ਮੌਜੂਦ ਨਹੀਂ ਸੀ। ਇਕ ਤਰ੍ਹਾਂ ਨਾਲ ਇਹ ਚੰਗਾ ਸੀ ਕਿ ਮੈਂ ਬਿਹਤਰ ਟੈਨਿਸ ਖੇਡ ਰਿਹਾ ਹਾਂ ਪਰ ਇਹ ਸੌਖਾ ਨਹੀਂ ਹੈ ਅਤੇ ਮੈਂ ਬਹੁਤ ਨਿਰਾਸ਼ ਹਾਂ।'' ਉਨ੍ਹਾਂ ਕਿਹਾ, ''ਯੂ.ਐੱਸ. ਓਪਨ 'ਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਅਦ ਵੀ ਮੈਂ ਇਕੱਲਾ ਹਾਂ। 22 ਸਾਲ ਦੀ ਉਮਰ 'ਚ ਮੈਂ ਡਰਾਅ 'ਚ ਜਗ੍ਹਾ ਬਣਾਈ ਅਤੇ ਫੈਡਰਰ ਨੂੰ ਇਕ ਸੈੱਟ 'ਚ ਹਰਾਇਆ ਪਰ ਇਸ ਦਾ ਕੁਝ ਅਸਰ ਨਹੀਂ ਹੋਇਆ।