ਡੈੱਫਲਿੰਪਿਕਸ ''ਚ ਸੋਨ ਤਮਗ਼ਾ ਜੇਤੂ ਸੁਮਿਤ ਦਹੀਆ ਦਾ ਆਪਣੇ ਸਕੂਲ ਅਮਰ ਆਸ਼ਰਮ ਪੁੱਜਣ ''ਤੇ ਕੀਤਾ ਗਿਆ ਭਰਵਾਂ ਸਵਾਗਤ

Saturday, May 28, 2022 - 07:25 PM (IST)

ਪਟਿਆਲਾ (ਕਵਲਜੀਤ ਕੰਬੋਜ)- ਭਾਰਤ ਦੇ ਕੁਸ਼ਤੀ ਦਲ ਨੇ ਬ੍ਰਾਜ਼ੀਲ ਦੇ ਕੈਕਸੀਅਸ ਡੋ ਸੁਲ 'ਚ ਖ਼ਤਮ ਹੋਈਆਂ ਡੈਫਲਿੰਪਿਕਸ 'ਚ ਤਿੰਨ ਤਮਗ਼ੇ ਜਿੱਤੇ। ਇਨ੍ਹਾਂ ਤਿੰਨ ਤਮਗਿਆਂ 'ਚ ਇਕ ਸੋਨ ਤਗਮ਼ਾ ਸੁਮਿਤ ਦਹੀਆ ਨੇ ਜਿੱਤਿਆ ਹੈ। ਸੁਮਿਤ ਨੇ 97 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ 'ਚ ਈਰਾਨ ਦੇ ਮੁਹੰਮਦ ਰਸੂਲ ਗਮਰ ਪੌਰ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਹੈ।  

ਪੋਡੀਅਮ ਫਿਨਿਸ਼ ਕਰਨ ਵਾਲੇ ਅਨੁਭਵੀ ਵਰਿੰਦਰ ਸਿੰਘ (74 ਕਿਲੋਗ੍ਰਾਮ ਫ੍ਰੀਸਟਾਈਲ) ਅਤੇ ਅਮਿਤ ਕ੍ਰਿਸ਼ਨਨ (86 ਕਿਲੋਗ੍ਰਾਮ ਫ੍ਰੀਸਟਾਈਲ) ਨੇ ਵੀ ਕਾਂਸੀ ਦਾ ਤਗਮਾ ਜਿੱਤਿਆ। ਵਰਿੰਦਰ ਨੇ ਅਮਰੀਕਾ ਦੇ ਨਿਕੋਲਸ ਬੈਰਨ ਨੂੰ ਹਰਾ ਕੇ ਆਪਣਾ 5ਵਾਂ ਡੈਫਾਲੰਪਿਕ ਮੈਡਲ ਜਿੱਤਿਆ। ਇਸ ਤੋਂ ਪਹਿਲਾਂ 36 ਸਾਲਾ ਖਿਡਾਰੀ ਨੇ 2005, 2013 ਅਤੇ 2017 'ਚ ਸੋਨ ਤਮਗਾ ਜਿੱਤਿਆ ਸੀ ਜਦਕਿ 2009 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅਮਿਤ ਕ੍ਰਿਸ਼ਨਨ ਨੇ ਪੁਰਸ਼ਾਂ ਦੇ 86 ਕਿਲੋਗ੍ਰਾਮ ਫ੍ਰੀਸਟਾਈਲ ਕਾਂਸੀ ਤਮਗੇ ਮੁਕਾਬਲੇ ਵਿੱਚ ਤੁਰਕੀ ਦੇ ਐਸ ਗੋਜ਼ੇਲ ਨੂੰ ਹਰਾਇਆ। ਭਾਰਤ ਦੇ ਕੁੱਲ 16 ਮੈਡਲਾਂ ਵਿੱਚ 8 ਸੋਨ,1 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 1993 ਵਿੱਚ ਸੋਫੀਆ ਡੈਫਲੰਪਿਕ ਵਿੱਚ ਹੋਇਆ ਸੀ ਜਦੋਂ ਉਸਨੇ 5 ਸੋਨੇ ਅਤੇ 2 ਕਾਂਸੀ ਸਮੇਤ ਸੱਤ ਤਗਮੇ ਜਿੱਤੇ ਸਨ। 

ਸੋਨ ਤਗਮਾ ਜਿੱਤਣ ਵਾਲੇ ਸੁਮਿਤ ਨੇ ਆਪਣੀ ਪੜ੍ਹਾਈ ਪਟਿਆਲਾ ਦੇ ਨੇਤਰਹੀਣ ਸਕੂਲ ਅਮਰ ਆਸ਼ਰਮ ਤੋਂ ਕੀਤੀ ਹੈ। ਸੁਮਿਤ ਬੋਲ ਅਤੇ ਸੁਣ ਨਹੀਂ ਸਕਦੇ ਤੇ ਇਸ਼ਾਰਿਆਂ ਨਾਲ ਗੱਲ ਕਰਦੇ ਹਨ। ਸੁਮਿਤ ਸੋਨੀਪਤ ਦੇ ਰਹਿਣ ਵਾਲੇ ਹਨ ਤੇ ਅੱਜ ਪਟਿਆਲਾ 'ਚ ਆਪਣੇ ਸਕੂਲ 'ਚ ਆਏ। ਸੋਨ ਤਮਗ਼ਾ ਜਿੱਤਣ ਵਾਲੇ ਸੁਮਿਤ ਦੇ ਆਉਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਮਠਿਆਈ ਖਵਾ ਕੇ ਵਧਾਈ ਦਿੱਤੀ ਗਈ ਤੇ ਉਨ੍ਹਾਂ ਦੀ ਹੌਸਲਾ ਆਫ਼ਜਾਈ ਕੀਤੀ ਗਈ। ਸੁਮਿਤ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸੁਣਨ ਤੇ ਬੋਲਣ 'ਚ ਅਸਮਰਥ ਹੈ। ਸੁਮਿਤ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ ਤੇ ਉਸ ਨੇ 10 ਸਾਲ ਦੀ ਉਮਰ ਤੋਂ ਹੀ ਕੁਸ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੁਮਿਤ ਨੂੰ ਕੁਸ਼ਤੀ ਦੀ ਬਹੁਤ ਲਗਨ ਵੀ ਸੀ ਤੇ ਪ੍ਰਮਾਤਮਾ ਦੀ ਮਿਹਰ ਸਦਕਾ ਡੈਫਾਲਿੰਪਕਸ 'ਚ 2017 'ਚ ਕਾਂਸੀ ਤਮਗ਼ਾ ਜਿੱਤਿਆ ਸੀ ਤੇ 2021 'ਚ ਗੋਲਡ ਮੈਡਲ ਜਿੱਤਿਆ ਹੈ।

ਸਕੂਲ ਦੇ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੁਮਿਤ 2012 'ਚ ਉਨ੍ਹਾਂ ਦੇ ਅਦਾਰੇ 'ਤੇ ਆਇਆ ਸੀ ਤੇ ਸੁਮਿਤ 9 ਸਾਲ ਉਨ੍ਹਾਂ ਕੋਲ ਰਿਹਾ ਹੈ। ਸਕੂਲ 'ਚ ਆ ਕੇ ਉਸ ਨੇ ਸਿਖਲਾਈ ਲਈ ਤੇ ਪਹਿਲਾਂ 10ਵੀਂ ਤੇ ਫਿਰ 12ਵੀਂ ਪਾਸ ਕੀਤੀ ਤੇ ਸੁਮਿਤ ਦੇ ਚਾਚਾ ਜੀ ਨੇ ਨਜ਼ਦੀਕ ਦੇ ਅਖਾੜੇ 'ਚ ਕੁਸ਼ਤੀ ਖੇਡਣ ਦੀ ਸਿਖਾਈ ਦਿਵਾਈ। ਸਕੂਲ 'ਚ ਸਿੱਖਿਆ ਲੈਣ ਦੇ ਦੌਰਾਨ ਉਹ 2018 'ਚ ਟਰਕੀ ਵੀ ਗਿਆ ਸੀ ਜਿੱਥੋਂ ਉਹ ਕਾਂਸੀ ਦਾ ਤਮਗ਼ਾ ਵੀ ਜਿੱਤ ਕੇ ਲਿਆਇਆ ਸੀ। ਇਸ ਤੋਂ ਇਲਾਵਾ ਵੀ ਸੁਮਿਤ ਨੇ ਕਈ ਹੋਰ ਤਮਗ਼ੇ ਵੀ ਜਿੱਤੇ ਹਨ। ਸਾਨੂੰ ਉਮੀਦ ਹੈ ਕਿ ਇਹ ਬੱਚਾ ਅੱਗੇ ਵੀ ਬਹੁਤ ਤਰੱਕੀ ਕਰੇਗਾ ਕਿਉਂਕਿ ਇਸ 'ਚ ਖੇਡ ਪ੍ਰਤੀ ਲਗਨ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਭਾਵਨਾ ਹੈ।  


Tarsem Singh

Content Editor

Related News