ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਦੇਸ਼ ਦੀ ਨੁਮਾਇੰਦਗੀ ਕਰਨਗੇ ਸੁਧੀਰ ਸਕਸੈਨਾ

Tuesday, Oct 05, 2021 - 04:12 PM (IST)

ਨਵੀਂ ਦਿੱਲੀ (ਵਾਰਤਾ) : ਅੰਤਰਰਾਸ਼ਟਰੀ ਕਿੱਕ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰ ਚੁੱਕੇ ਦਿੱਲੀ ਦੇ ਸੁਧੀਰ ਸਕਸੈਨਾ ਇਟਲੀ ਵਿਚ ਹੋਣ ਵਾਲੀ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਟਲੀ ਦੇ ਵੈਨਿਸ ਸ਼ਹਿਰ ਵਿਚ 15 ਤੋਂ 25 ਅਕਤੂਬਰ ਤੱਕ ਆਯੋਜਿਤ ਇਸ ਮੁਕਾਬਲੇ ਵਿਚ ਦੇਸ਼ ਦੇ ਕੁੱਲ 30 ਮੁੱਕੇਬਾਜ਼ ਹਿੱਸਾ ਲੈਣਗੇ ਅਤੇ ਆਪਣੇ-ਆਪਣੇ ਭਾਰ ਵਰਗ ਵਿਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਵਾਕੋ ਇੰਡੀਆ ਕਿੱਕ ਬਾਕਸਿੰਗ ਦੇ ਪ੍ਰਧਾਨ ਸੰਤੋਸ਼ ਅਗਰਵਾਲ ਨੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਦੇਸ਼ ਦੇ ਸਾਰੇ ਮੁੱਕੇਬਾਜ਼ਾਂ ਨੂੰ ਵਧਾਈ ਦਿੱਤੀ ਹੈ। ਉਥੇ ਹੀ ਸੁਧੀਰ ਨੂੰ ਨੁਮਾਇੰਦਗੀ ਦੀ ਜ਼ਿੰਮੇਦਾਰੀ ਮਿਲਣ ਨਾਲ ਉਨ੍ਹਾਂ ਦੇ ਘਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਸੁਧੀਰ ਨੂੰ ਪੂਰਾ ਭਰੋਸਾ ਹੈ ਕਿ ਉਹ ਦੇਸ਼ ਲਈ ਸੋਨ ਤਮਗਾ ਜ਼ਰੂਰ ਲੈ ਕੇ ਆਉਣਗੇ।

ਜ਼ਿਕਰਯੋਗ ਹੈ ਕਿ ਇਕ ਮੱਧ ਵਰਗੀ ਪਰਿਵਾਰ ਵਿਚ ਪੈਦਾ ਹੋਏ ਅਤੇ ਆਰਥਿਕ ਤੰਗੀ ਅਤੇ ਸਪਾਂਸਰਾਂ ਦੀ ਘਾਟ ਦੇ ਬਾਵਜੂਦ ਆਪਣੀ ਸਖ਼ਤ ਮਿਹਨਤ ਨਾਲ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨਾਲ ਲੋਹਾ ਲੈਂਦੇ ਹੋਏ ਸੁਧੀਰ ਨੇ ਦੇਸ਼ ਲਈ ਕਿੱਕ ਬਾਕਸਿੰਗ ਵਿਚ ਹੁਣ ਤੱਕ 1 ਸੋਨ ਤਮਗਾ, 2 ਚਾਂਦੀ ਅਤੇ 2 ਕਾਂਸੀ ਤਮਗੇ ਜਿੱਤੇ ਹਨ। ਅੰਤਰਰਾਸ਼ਟਰੀ ਕਿੱਕ ਬਾਕਸਿੰਗ ਮੁਕਾਬਲੇ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਚੁੱਕੇ ਸੁਧੀਰ ਸਕਸੈਨਾ ਵਿਸ਼ਵ ਪੱਧਰ ’ਤੇ ਦੇਸ਼ ਲਈ ਇਕ ਮਾਣ ਵਾਲੀ ਭੂਮਿਕਾ ਦੇ ਕਿਰਦਾਰ ਹਨ। 12 ਰਾਸ਼ਟਰੀ ਤਮਗਿਆਂ ਅਤੇ 40 ਤੋਂ ਜ਼ਿਆਦਾ ਸੂਬਾ ਪੱਧਰੀ ਤਮਗਿਆਂ ਦੇ ਜੇਤੂ ਸੁਧੀਰ ਅੱਜ ਵੀ ਖੇਡ ਦੇ ਪ੍ਰਤੀ ਸਖ਼ਤ ਮਿਹਨਤ ਕਰ ਰਹੇ ਹਨ। ਭਾਰਤੀ ਕਿੱਕ ਬਾਕਸਿੰਗ ਕੋਚ ਕੁਲਦੀਪ ਚੌਧਰੀ ਨੇ ਕਿਹਾ ਕਿ ਸੁਧੀਰ ਦੇ ਹੱਥਾਂ ਵਿਚ ਬਚਪਣ ਤੋਂ ਹੀ ਭਰਪੂਰ ਅਤੇ ਗਜਬ ਦੀ ਤਾਕਤ ਹੈ ਅਤੇ ਉਨ੍ਹਾਂ ਦੇ ਮੁੱਕਿਆਂ ਦਾ ਕੋਈ ਜਵਾਬ ਨਹੀਂ ਹੈ।
 


cherry

Content Editor

Related News