ਆਈ. ਸੀ. ਸੀ. ‘ਸਾਫ਼ਟ ਸਿਗਨਲ’ ਦਾ ਨਿਯਮ ਹਟਾਵੇ : ਸਟੁਅਰਟ ਬ੍ਰਾਡ
Saturday, Jun 12, 2021 - 08:23 PM (IST)
ਬਰਮਿੰਘਮ— ਇੰਗਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਚਾਹੁੰਦੇ ਹਨ ਕਿ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ‘ਸਾਫ਼ਟ ਸਿਗਨਲ’ ਦਾ ਨਿਯਮ ਖ਼ਤਮ ਕਰ ਦੇਵੇ ਕਿਉਂਕਿ ਉਹ ਉਮੀਦਾਂ ’ਤੇ ਖ਼ਰਾ ਨਹੀਂ ਉਤਰ ਰਿਹਾ ਤੇ ਇਸ ਨਾਲ ਮੈਚ ਅਧਿਕਾਰੀਆਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਟੈਸਟ ’ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕੋਨਵੇ ਨਾਲ ਜੁੜੇ ਵਿਵਾਦਤ ਫ਼ੈਸਲੇ ਦੇ ਬਾਅਦ ਬ੍ਰਾਡ ਨੇ ਇਹ ਗੱਲ ਕਹੀ। ਬ੍ਰਾਡ ਦਾ ਮੰਨਣਾ ਹੈ ਕਿ ਕੋਨਵੇ 22 ਦੇ ਸਕੋਰ ’ਤੇ ਸਲਿਪ ’ਚ ਜਾਕ ਕ੍ਰਾਲੇ ਵੱਲੋਂ ਕੈਚ ਆਉਟ ਕੀਤਾ ਗਿਆ। ਮੈਦਾਨੀ ਅੰਪਾਇਰ ਨੇ ਫ਼ੈਸਲਾ ਟੀਵੀ ਅੰਪਾਇਰ ਮਾਈਕਲ ਗਾਫ਼ ’ਤੇ ਛੱਡਿਆ ਜਿਨ੍ਹਾਂ ਨੇ ਨਾਟ ਆਊਟ ਦਾ ਸਾਫ਼ਟ ਸਿਗਨਲ ਦਿੱਤਾ।
ਕੋਨਵੇ ਨੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ 80 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ। ਬ੍ਰਾਡ ਨੇ ਤੀਜੇ ਦਿਨ ਦੇ ਖੇਡ ਤੋਂ ਪਹਿਲਾਂ ਕਿਹਾ ਕਿ ਮੈਦਾਨ ’ਤੇ ਸਾਡੀ ਪ੍ਰਤੀਕਿਰਿਆ ਤੋਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਲੱਗਾ ਕਿ ਉਹ ਆਊਟ ਹੈ। ਜਾਕ ਨੂੰ ਲੱਗਾ ਕਿ ਗੇਂਦ ਉਸ ਦੇ ਹੱਥ ’ਚ ਆਈ ਹੈ ਤੇ ਉਨ੍ਹਾਂ ਨੇ ਆਪਣੀ ਸਲਿਪ ’ਚ ਜੋ ਰੂਟ ਤੇ ਵਿਕਟ ਦੇ ਪਿੱਛੇ ਜੇਮਸ ਬ੍ਰਾਸੀ ਨੂੰ ਦੇਖਿਆ ਜੋ ਇਸ ਤੋਂ ਇਕ ਗਜ ਦੀ ਦੂਰੀ ’ਤੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਗੇਂਦ ਹੱਥ ’ਚ ਆਈ ਹੈ।
ਉਨ੍ਹਾਂ ਕਿਹਾ ਕਿ ਇਸ ’ਚ ਅੰਪਾਇਰਾਂ ਦੀ ਗ਼ਲਤੀ ਨਹੀਂ ਹੈ ਜੋ 40 ਗਜ ਦੂਰ ਹੁੰਦੇ ਹਨ। ਇਸ ਨਿਯਮ ਨਾਲ ਉਨ੍ਹਾਂ ਦੀ ਸਥਿਤੀ ਮੁਸ਼ਕਲ ਹੋ ਗਈ ਹੈ। ਬ੍ਰਾਡ ਨੇ ਆਈ. ਸੀ. ਸੀ. ਤੋਂ ਇਸ ’ਤੇ ਗ਼ੌਰ ਕਰਨ ਤੇ ਜ਼ਰੂਰੀ ਉਪਾਅ ਕਰਨ ਦੀ ਅਪੀਲ ਕੀਤੀ। ਜੇਕਰ ਤੁਸੀਂ ਇਸ ਨਿਯਮ ਦੇ ਹਾਂ-ਪੱਖੀ ਤੇ ਨਾ-ਪੱਖੀ ਪਹਿਲੂ ਨੂੰ ਦੇਖੋ ਤਾਂ ਨਾ-ਪੱਖੀ ਪਹਿਲੂ ਜ਼ਿਆਦਾ ਹਨ। ਮੈਨੂੰ ਲਗਦਾ ਹੈ ਕਿ ਇਹ ਬਹੁਤ ਖ਼ਰਾਬ ਨਿਯਮ ਹੈ ਤੇ ਆਈ. ਸੀ. ਸੀ. ਨੂੰ ਅਗਲੀ ਬੈਠਕ ਦਾ ਇੰਤਜ਼ਾਰ ਨਾ ਕਰਦੇ ਹੋਏ ਇਸ ਨੂੰ ਹਟਾ ਦੇਣਾ ਚਾਹੀਦਾ ਹੈ।