ਸਮਿਥ ਦੇ ਸੱਟ ਲੱਗਣ 'ਤੇ ਆਰਚਰ ਦੇ ਰਵੱਈਏ ਤੋਂ ਅਖਤਰ ਹੋਏ ਨਾਰਾਜ਼, ਕੀਤਾ ਇਹ ਟਵੀਟ
Sunday, Aug 18, 2019 - 05:00 PM (IST)

ਨਵੀਂ ਦਿੱਲੀ— ਲਾਰਡਸ ਦੇ ਮੈਦਾਨ 'ਤੇ ਏਸ਼ੇਜ਼ ਸੀਰੀਜ਼ ਦੇ ਤਹਿਤ ਖੇਡੇ ਜਾ ਰਹੇ ਦੂਜੇ ਟੈਸਟ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦਾ ਇਕ ਬਾਊਂਸਰ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਦੇ ਸਿਰ 'ਤੇ ਜਾ ਲੱਗਾ। ਸਮਿਥ ਬਾਊਂਸਰ ਲਗਣ ਨਾਲ ਜ਼ਮੀਨ 'ਤੇ ਡਿੱਗ ਗਏ ਅਤੇ ਦਰਦ ਨਾਲ ਤੜਫਣ ਲੱਗੇ ਪਰ ਇਸ ਦੌਰਾਨ ਆਰਚਰ ਨੂੰ ਜੋਸ ਬਟਲਰ ਨਾਲ ਹਾਸਾ-ਮਜ਼ਾਕ ਕਰਦੇ ਹੋਏ ਦੇਖਿਆ ਗਿਆ। ਜੋਫਰਾ ਆਰਚਰ ਦੀ ਇਸ ਹਰਕਤ ਦੇ ਬਾਅਦ ਫੈਂਸ ਸੋਸ਼ਲ ਮੀਡੀਆ 'ਤੇ ਆਰਚਰ ਦੀ ਰੱਜ ਕੇ ਆਲੋਚਨਾ ਕਰ ਰਹੇ ਹਨ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੇ ਆਰਚਰ ਦੀ ਇਸ ਹਰਕਤ ਨੂੰ ਖੇਡ ਭਾਵਨਾ ਦੇ ਖਿਲਾਫ ਦੱਸਿਆ।
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੇ ਟਵੀਟ ਕਰਕੇ ਕਿਹਾ, ''ਬਾਊਂਸਰ ਲਗਣਾ ਖੇਡ ਦਾ ਹਿੱਸਾ ਹੈ, ਕਿਸੇ ਵੀ ਬੱਲੇਬਾਜ਼ ਨੂੰ ਜਦੋਂ ਗੇਂਦ ਲਗਦੀ ਹੈ ਤਾਂ ਸਭ ਤੋਂ ਪਹਿਲਾਂ ਗੇਂਦਬਾਜ਼ ਨੂੰ ਉਸ ਦੇ ਕੋਲ ਜਾ ਕੇ ਉਸ ਦਾ ਹਾਲ ਚਾਲ ਪੁੱਛਣਾ ਚਾਹੀਦਾ ਹੈ। ਆਰਚਰ ਨੇ ਜੋ ਕੀਤਾ ਉਹ ਸਹੀ ਨਹੀਂ ਸੀ। ਸਮਿਥ ਦਰਦ 'ਚ ਸੀ ਅਤੇ ਆਰਚਰ ਦੂਰ ਖੜ੍ਹੇ ਹੋ ਕੇ ਦੇਖ ਰਿਹਾ ਸੀ। ਮੈਂ ਉਨ੍ਹਾਂ ਗੇਂਦਬਾਜ਼ਾਂ 'ਚ ਸੀ, ਜਿਸ ਦੀ ਗੇਂਦ 'ਤੇ ਜੇਕਰ ਕੋਈ ਬੱਲੇਬਾਜ਼ ਜ਼ਖਮੀ ਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਉਸ ਦਾ ਹਾਲ ਜਾਣਨ ਲਈ ਪਹੁੰਚਦਾ ਸੀ।'' ਫੈਂਸ ਨੇ ਵੀ ਆਰਚਰ ਦੇ ਵਿਵਹਾਰ ਨੂੰ ਖੇਡ ਭਾਵਨਾ ਦੇ ਖਿਲਾਫ ਦੱਸਿਆ ਹੈ।