ਕੀ ਬੰਗਲਾਦੇਸ਼ ਲੀਗ ''ਚ ਵੀ ਨਹੀਂ ਖੇਡਣਗੇ ਸਟੀਵ ਸਮਿਥ
Thursday, Dec 13, 2018 - 09:29 AM (IST)

ਨਵੀਂ ਦਿੱਲੀ— ਬਾਲ ਟੈਂਪਰਿੰਗ ਦੇ ਚੱਲਦੇ ਆਸਟ੍ਰੇਲੀਆ ਦੀ ਟੀਮ 'ਚ ਆਪਣੀ ਕਪਤਾਨੀ ਅਤੇ ਪੋਜੀਸ਼ਨ ਗੁਆ ਚੁੱਕੇ ਸਟੀਵ ਸਮਿਥ ਦੇ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਖੇਡਣ ਦੀ ਗੁੰਜਾਇਸ਼ 'ਤੇ ਵੀ ਸੰਕਟ ਦੇ ਬੱਦਲ ਮੰਡਰਾਉਂਦੇ ਦਿਖ ਰਹੇ ਹਨ। ਸਮਿਥ ਨੇ ਬੀ.ਪੀ.ਐੱਲ. 'ਚ ਖੇਡਣ ਦਾ ਕਰਾਰ ਕੀਤਾ ਹੈ ਪਰ ਨਿਯਮ ਉਨ੍ਹਾਂ ਵਿਚਕਾਰ ਆ ਰਹੇ ਹਨ।
ਦਰਅਸਲ ਕ੍ਰਿਕਟ ਆਸਟ੍ਰੇਲੀਆ ਦੇ 12 ਮਹੀਨਿਆਂ ਦੇ ਬੈਨ ਦੌਰਾਨ ਸਮਿਥ ਨੂੰ ਕਲੱਬ ਕ੍ਰਿਕਟ ਖੇਡਣ ਦੀ ਛੁੱਟੀ ਮਿਲੀ ਹੋਈ ਹੈ। ਇਸਦੇ ਦੇ ਤਹਿਤ ਉਨ੍ਹਾਂ ਨੂੰ ਬੀ.ਪੀ.ਐੱਲ. 'ਚ ਕੋਮਿਲਾ ਵਿਕਟੋਰੀਅੰਸ ਵੱਲੋਂ ਖੇਡਣ ਦਾ ਕਰਾਰ ਕੀਤਾ ਹੈ। ਇਸ ਟੀਮ ਨੇ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਬੱਲੇਬਾਜ਼ ਅਸੇਲਾ ਗੁਣਰਤਨੇ ਦੀ ਜਗ੍ਹਾ ਸਾਈਨ ਕੀਤਾ ਹੈ।
ਪਰ ਇਸ ਲੀਗ ਦੇ ਨਿਯਮਾਂ ਮੁਤਾਬਕ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਹੀ ਰਿਪਲੇਸਮੈਂਟ ਦੇ ਤੌਰ 'ਤੇ ਸਾਈਨ ਕੀਤਾ ਜਾ ਸਕਦਾ ਹੈ ਜੋ ਖਿਡਾਰੀ ਸ਼ੁਰੂਆਤੀ ਡ੍ਰਾਫਟ 'ਚ ਸ਼ਾਮਲ ਰਹੇ ਹੋਣ। ਸਮਿਥ ਨੂੰ ਇਸ ਮਾਮਾਲੇ 'ਚ ਰਿਆਇਤ ਦਿੱਤੀ ਸੀ ਪਰ ਬਾਕੀ ਟੀਮਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਇਸ ਤੋਂ ਬਾਅਦ ਬੀ.ਪੀ.ਐੱਲ. ਦੀ ਟੈਕਨੀਕਲ ਕਮੇਟੀ ਦੀਆਂ ਟੀਮਾਂ ਨਾਲ ਮੀਟਿੰਗ ਹੋਈ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ।
ਕਮੇਟੀ ਦੇ ਚੀਫ ਜਲਾਲ ਯੁਨੂਸ ਦਾ ਕਹਿਣਾ ਹੈ,' ਬੀ.ਪੀ.ਐੱਲ. ਹਿੱਤਾਂ ਅਤੇ ਭਵਿੱਖ ਦਾ ਖਿਆਲ ਰੱਖਦੇ ਹੋਏ ਸਮਿਥ ਨੂੰ ਖੇਡਣ ਦੀ ਇਜ਼ਾਜਤ ਦਿੱਤੀ ਗਈ ਸੀ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਫਾਈਨਲ ਫੈਸਲਾ ਬੰਗਲਾਦੇਸ਼ ਕ੍ਰਿਕਟ ਬੋਰਡ ਯਾਨੀ ਬੀ.ਸੀ.ਬੀ. ਹੀ ਕਰੇਗਾ। ਹੁਣ ਦੇਖਣਾ ਹੋਵੇਗਾ ਕਿ ਸਟੀਵ ਸਮਿਥ ਨੂੰ ਬੀ.ਪੀ.ਐੱਲ. 'ਚ ਖੇਡਣ ਦਾ ਮੌਕਾ ਮਿਲ ਪਾਉਂਦਾ ਹੈ ਜਾਂ ਫਿਰ ਆਈ.ਪੀ.ਐੱਲ. ਦੇ ਜਰੀਏ ਹੀ ਉਹ ਆਪਣੀ ਵਾਪਸੀ ਕਰੇਗਾ।