ਸ਼੍ਰੀਕਾਂਤ ਨੇ ਕਰੀਅਰ ਦੀ ਸਰਵਸ੍ਰੇਸ਼ਠ ਦੂਸਰੇ ਨੰਬਰ ਦੀ ਰੈਂਕਿੰਗ ਕੀਤੀ ਹਾਸਲ

11/02/2017 11:32:32 PM

ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਸਟਾਰ ਕਿਦਾਂਬੀ ਸ਼੍ਰੀਕਾਂਤ ਨੂੰ ਇਸ ਸੈਸ਼ਨ 'ਚ ਆਪਣੀ ਸ਼ਾਨਦਾਰ ਫਾਰਮ ਦਾ ਫਾਇਦਾ ਮਿਲਿਆ। ਇਸ ਨਾਲ ਉਸਨੇ ਵੀਰਵਾਰ ਨੂੰ ਜਾਰੀ ਤਾਜ਼ਾ ਬੀ. ਡਬਲਯੂ. ਐੱਫ. ਰੈਂਕਿੰਗ ਵਿਚ 2 ਸਥਾਨਾਂ ਦੀ ਛਲਾਂਗ ਲਾਉਂਦੇ ਹੋਏ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਦੂਸਰੇ ਨੰਬਰ ਦੀ ਰੈਂਕਿੰਗ ਹਾਸਲ ਕੀਤੀ।
ਸ਼੍ਰੀਕਾਂਤ ਇਸ ਸੈਸ਼ਨ ਦੌਰਾਨ 5 ਵਾਰ ਫਾਈਨਲ ਵਿਚ ਪਹੁੰਚ ਕੇ 4 ਖਿਤਾਬ ਜਿੱਤ ਚੁੱਕਾ ਹੈ।  ਉਸਦੇ 73,403 ਅੰਕ ਹਨ। ਇਸ ਨਾਲ ਉਹ ਵਿਸ਼ਵ ਚੈਂਪੀਅਨ ਡੈਨਮਾਰਕ ਦੇ ਕਵਿਟਰ ਐਕਸੇਸਨ ਤੋਂ 4527 ਅੰਕ ਦੂਰ ਹੈ, ਜੋ ਕਿ ਰੈਂਕਿੰਗ ਸੂਚੀ ਵਿਚ ਚੋਟੀ 'ਤੇ ਹੈ। ਗੁੰਟੂਰ ਦੇ 25 ਸਾਲਾ ਇੰਡੋਨੇਸ਼ੀਆ ਅਤੇ ਆਸਟ੍ਰੇਲੀਆ ਲਗਾਤਾਰ ਖਿਤਾਬ ਜਿੱਤੇ। ਇਸ ਤੋਂ ਬਾਅਦ ਉਸਨੇ ਡੈਨਮਾਰਕ ਅਤੇ ਫਰਾਂਸ ਵਿਚ ਟਰਾਫੀ ਆਪਣੇ ਨਾਂ ਕੀਤੀ। ਉਸਦੇ ਕੋਲ ਚੀਨ ਅਤੇ ਹਾਂਗਕਾਂਗ 'ਚ ਹੋਣ ਵਾਲੀਆਂ ਅਗਲੀਆਂ ਪ੍ਰਤੀਯੋਗਿਤਾਵਾਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਦਾਨਿਸ਼ ਸ਼ਟਲਰ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰਨ ਦਾ ਮੌਕਾ ਹੋਵੇਗਾ।
ਅਮਰੀਕਾ ਓਪਨ ਗ੍ਰਾਂ. ਪ੍ਰੀ. ਗੋਲਡ ਜੇਤੂ ਐੱਚ. ਐੱਸ. ਪ੍ਰਣਯ ਨੇ ਵੀ ਇਕ ਸਥਾਨ ਦਾ ਸੁਧਾਰ ਕੀਤਾ, ਜੋ ਪੈਰਿਸ ਵਿਚ ਸੈਮੀਫਾਈਨਲ ਵਿਚ ਪਹੁੰਚਿਆ ਸੀ। ਇਸ ਨਾਲ ਉਸਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 11ਵੀਂ ਰੈਂਕਿੰਗ ਪ੍ਰਾਪਤ ਕੀਤੀ। ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਪ੍ਰਣੀਤ ਹਾਲਾਂਕਿ 1 ਸਥਾਨ ਦੇ ਨੁਕਸਾਨ ਨਾਲ 16ਵੇਂ ਸਥਾਨ 'ਤੇ ਖਿਸਕ ਗਿਆ। 
ਮਹਿਲਾ ਸਿੰਗਲ ਵਿਚ ਪੀ. ਵੀ. ਸਿੰਧੂ ਆਪਣੇ ਦੂਸਰੇ ਸਥਾਨ 'ਤੇ ਬਰਕਰਾਰ ਹੈ, ਜੋ ਫਰਾਂਸ 'ਚ ਸੈਮੀਫਾਈਨਲ ਵਿਚ ਪਹੁੰਚੀ ਸੀ, ਜਦਕਿ ਦੁਨੀਆ ਦੀ ਸਾਬਕਾ ਨੰਬਰ 1 ਸਾਈਨਾ ਨੇਹਵਾਲ 11ਵੇਂ ਸਥਾਨ 'ਤੇ ਕਾਇਮ ਹੈ। ਅਸ਼ਵਿਨ ਪੋਨਪਾ ਅਤੇ ਐੱਨ. ਸਿੱਕੀ ਰੈੱਡੀ ਦੀ ਮਹਿਲਾ ਡਬਲ ਜੋੜੀ 2 ਸਥਾਨ ਖਿਸਕ ਕੇ 25ਵੇਂ ਸਥਾਨ 'ਤੇ ਪਹੁੰਚ ਗਈ ਹੈ।


Related News