ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਭਾਰਤ ਸ਼ਾਨ ਨਾਲ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ

Friday, Nov 03, 2023 - 05:57 PM (IST)

ਸਪੋਰਟਸ ਡੈਸਕ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਖੇਡੇ ਗਏ ਮੁਕਾਬਲੇ 'ਚ ਸ਼੍ਰੀਲੰਕਾ ਨੂੰ 302 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ 'ਚ ਪਹੁੰਚਣ ਵਾਲੀ ਭਾਰਤ ਪਹਿਲੀ ਟੀਮ ਬਣ ਗਈ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਦੌਰਾਨ ਭਾਰਤ ਨੇ ਪਹਿਲੇ ਹੀ ਓਵਰ 'ਚ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀਆਂ 88, ਸ਼ੁਭਮਨ ਗਿੱਲ ਦੀਆਂ 92 ਅਤੇ ਸ਼੍ਰੇਅਸ ਅਈਅਰ ਦੀਆਂ 82 ਦੌੜਾਂ ਵਾਲੀਆਂ ਉਪਯੋਗੀ ਪਾਰੀਆਂ ਦੇ ਬਦੌਲਤ ਸ਼੍ਰੀਲੰਕਾ ਦੀ ਟੀਮ ਅੱਗੇ ਜਿੱਤ ਲਈ 358 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਹੈ। 

ਸ਼੍ਰੀਲੰਕਾਈ ਪਾਰੀ ਦੀ ਪਹਿਲੀ ਗੇਂਦ 'ਤੇ ਹੀ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਓਪਨਰ ਪਥੁਨ ਨਿਸਾਂਕਾ ਨੂੰ ਐੱਲ.ਬੀ.ਡਬਲਯੂ. ਆਊਟ ਕਰ ਦਿੱਤਾ। ਇਸ ਤੋਂ ਬਾਅਦ ਅਗਲੇ ਓਵਰ 'ਚ ਮੁਹੰਮਦ ਸਿਰਾਜ ਨੇ ਵੀ ਪਹਿਲੀ ਹੀ ਗੇਂਦ 'ਤੇ ਬੱਲੇਬਾਜ਼ ਦਿਮੁਥ ਕਰੁਣਾਰਤਨੇ ਨੂੰ ਆਉਟ ਕਰ ਦਿੱਤਾ। ਇਸੇ ਓਵਰ ਦੀ 5ਵੀਂ ਗੇਂਦ 'ਤੇ ਉਸ ਨੇ ਸਦੀਰਾ ਸਮਰਵਿਕਰਮਾ ਨੂੰ ਅਈਅਰ ਹੱਥੋਂ ਸਲਿਪ 'ਚ ਕੈਚ ਕਰਵਾਇਆ। ਸ਼੍ਰੀਲੰਕਾ ਦੇ ਕਪਤਾਨ ਕੁਸਲ ਮੈਂਡਿਸ ਵੀ ਸਿਰਾਜ ਦਾ ਹੀ ਸ਼ਿਕਾਰ ਬਣੇ। ਉਹ 1 ਸਕੋਰ ਬਣਾ ਕੇ ਸਿਰਾਜ ਦੀ ਗੇਂਦ 'ਤੇ ਬੋਲਡ ਹੋ ਗਏ।

ਇਸ ਤੋਂ ਬਾਅਦ ਆਏ ਸ਼ੰਮੀ ਦੀ ਗੇਂਦਬਾਜ਼ੀ ਦੇ ਤੂਫਾਨ 'ਚ ਸ਼੍ਰੀਲੰਕਾਈ ਬੱਲੇਬਾਜ਼ ਤਾਸ਼ ਦੇ ਪੱਤਿਆਂ ਵਾਂਗ ਉੱਡ ਗਏ ਸ਼੍ਰੀਲੰਕਾ ਦੀ ਟੀਮ 19.4 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 55 ਦੌੜਾਂ ਹੀ ਬਣਾ ਸਕੀ ਤੇ 302 ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਲਈ ਐਂਜੇਲੋ ਮੈਥਿਊਜ਼ ਨੇ 12, ਮਹੀਸ਼ ਥੀਕਸ਼ਾਨਾ ਨੇ 12 ਤੇ ਕਸੁਨ ਰਜਿਥਾ ਨੇ 14 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 1, ਮੁਹੰਮਦ ਸਿਰਾਜ ਨੇ 3, ਮੁਹੰਮਦ ਸ਼ੰਮੀ ਨੇ 5 ਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ।ਸ਼ੰਮੀ ਨੇ ਸ਼੍ਰੀਲੰਕਾ ਦੇ 5 ਬੱਲੇਬਾਜ਼ਾਂ ਨੂੰ ਆਉਟ ਕੀਤਾ। ਉਸ ਨੇ ਭਾਰਤ ਵੱਲੋਂ ਵਿਸ਼ਵ ਕੱਪ 'ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਜ਼ਹੀਰ ਖ਼ਾਨ ਦੇ ਰਿਕਾਰਡ ਨੂੰ ਵੀ ਆਪਣੇ ਨਾਂ ਕਰ ਲਿਆ। 

 


Anuradha

Content Editor

Related News