ਸ਼੍ਰੀਲੰਕਾ ਦੇ ਤਜਰਬੇਕਾਰ ਆਲਰਾਊਂਡਰ ਦਿਲਰੂਵਾਨ ਪਰੇਰਾ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
Wednesday, Jan 26, 2022 - 04:12 PM (IST)
ਕੋਲੰਬੋ- ਸ਼੍ਰੀਲੰਕਾ ਦੇ ਤਜਰਬੇਕਾਰ ਤੇ ਸੀਨੀਅਰ ਆਲਰਾਊਂਡਰ ਦਿਲਰੂਵਾਨ ਪਰੇਰਾ ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਹਾਲਾਂਕਿ ਘਰੇਲੂ ਕ੍ਰਿਕਟ ਖੇਡਣਾ ਜਾਰੀ ਰੱਖਣ ਦੀ ਇੱਛਾ ਜਤਾਈ ਹੈ। ਉਨ੍ਹਾਂ ਨੇ ਆਪਣੇ 15 ਸਾਲ ਲੰਬੇ ਕੌਮਾਂਤਰੀ ਕ੍ਰਿਕਟ ਕਰੀਅਰ 'ਚ 43 ਟੈਸਟ, 13 ਵਨ-ਡੇ ਤੇ ਤਿੰਨ ਟੀ-20 ਮੈਚਾਂ 'ਚ ਸ਼੍ਰੀਲੰਕਾ ਦੀ ਨੁਮਾਇੰਦਗੀ ਕੀਤੀ ਤੇ ਸਾਰੇ ਫਾਰਮੈਟਾਂ 'ਚ 1456 ਦੌੜਾਂ ਬਣਾਈਆ ਤੇ 177 ਵਿਕਟਾਂ ਲਈਆਂ।
ਪਰੇਰਾ ਨੇ 2007 'ਚ ਇੰਗਲੈਂਡ ਦੇ ਖ਼ਿਲਾਫ਼ ਕੋਲੰਬੋ 'ਚ ਵਨ-ਡੇ ਡੈਬਿਊ ਕੀਤਾ ਸੀ ਤੇ ਇਸ ਦੇ 7 ਸਾਲਾਂ ਬਾਅਦ ਸ਼ਾਰਜਾਹ 'ਚ ਪਾਕਿਸਤਾਨ ਦੇ ਖ਼ਿਲਾਫ਼ ਟੈਸਟ ਡੈਬਿਊ ਕੀਤਾ ਤੇ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 95 ਦੌੜਾਂ ਬਣਾਈਆਂ। ਉਨ੍ਹਾਂ ਨੇ 43 ਟੈਸਟ ਮੈਚਾਂ 'ਚ 35.90 ਦੇ ਔਸਤ ਨਾਲ 161 ਵਿਕਟਾਂ ਲਈਆਂ। ਟੈਸਟ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ 2018 'ਚ ਗਾਲੇ 'ਚ ਦੱਖਣੀ ਅਫਰੀਕਾ ਖਿਲਾਫ ਆਇਆ, ਜਿੱਥੇ ਉਨ੍ਹਾਂ ਨੇ 78 ਦੌੜਾਂ ਦੇ ਕੇ 10 ਵਿਕਟਾਂ ਲਈਆਂ ਤੇ ਟੀਮ ਨੂੰ ਜਿੱਤ ਦਿਵਾਈ।
ਤਜਰਬੇਕਾਰ ਆਲਰਾਊਂਡਰ ਦਾ ਵਨ-ਡੇ ਮੈਚਾਂ 'ਚ ਗੇਂਦਬਾਜ਼ੀ ਦਾ ਔਸਤ 31.46 ਰਿਹਾ। ਉਨ੍ਹਾਂ ਨੇ 13 ਵਨ-ਡੇ ਮੈਚਾਂ 'ਚ 13 ਵਿਕਟਾਂ ਲਈਆਂ, ਜਦਕਿ ਤਿੰਨ ਟੀ-20 ਮੈਚਾਂ 'ਚ ਉਨ੍ਹਾਂ ਦੇ ਨਾਂ 3 ਵਿਕਟਾਂ ਹਨ। ਉਨ੍ਹਾਂ ਨੂੰ ਹਾਲਾਂਕਿ 2018 ਦੇ ਬਾਅਦ ਤੋਂ ਸੀਮਿਤ ਓਵਰ ਟੀਮ 'ਚ ਜਗ੍ਹਾ ਨਹੀਂ ਮਿਲੀ। 2011 'ਚ ਉਨ੍ਹਾਂ ਨੇ ਆਪਣਾ ਆਖ਼ਰੀ ਟੀ-20 ਮੈਚ ਖੇਡਿਆ ਸੀ।