ਸ਼੍ਰੀਲੰਕਾ ਕ੍ਰਿਕਟ ਨੇ ਟੀ-20 ਵਿਸ਼ਵ ਕੱਪ ਦੌਰਾਨ ਟੀਮ ਹੋਟਲ ਵਿਚ ਸ਼ਰਾਬ ਪਾਰਟੀ ਦੀਆਂ ਖਬਰਾਂ ਨੂੰ ਕੀਤਾ ਰੱਦ

Wednesday, Jul 10, 2024 - 10:02 AM (IST)

ਸ਼੍ਰੀਲੰਕਾ ਕ੍ਰਿਕਟ ਨੇ ਟੀ-20 ਵਿਸ਼ਵ ਕੱਪ ਦੌਰਾਨ ਟੀਮ ਹੋਟਲ ਵਿਚ ਸ਼ਰਾਬ ਪਾਰਟੀ ਦੀਆਂ ਖਬਰਾਂ ਨੂੰ ਕੀਤਾ ਰੱਦ

ਕੋਲੰਬੋ–ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਹਾਲ ਹੀ ਵਿਚ ਟੀ-20 ਵਿਸ਼ਵ ਕੱਪ ਦੌਰਾਨ ਟੀਮ ਹੋਟਲ ਦੇ ਅੰਦਰ ਉਸਦੇ ਖਿਡਾਰੀਆਂ ਵੱਲੋਂ ਸ਼ਰਾਬ ਪਾਰਟੀ ਕਰਨ ਦਾ ਦਾਅਵਾ ਕਰਨ ਵਾਲੀ ਖਬਰ ਨੂੰ ਮੰਗਲਵਾਰ ਨੂੰ ‘ਪੂਰੀ ਤਰ੍ਹਾਂ ਨਾਲ ਝੂਠ, ਮਨਘੜ੍ਹਤ ਤੇ ਨਿਰਾਧਾਰ’ ਕਰਾਰ ਦਿੱਤਾ ਹੈ। ਇਕ ਵੀਕਲੀ ਸਮਾਚਾਰ ਪੱਤਰ ਨੇ 7 ਜੁਲਾਈ ਨੂੰ ਦਾਅਵਾ ਕੀਤਾ ਸੀ ਕਿ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਦੱਖਣੀ ਅਫਰੀਕਾ ਵਿਰੁੱਧ ਮੈਚ ਤੋਂ ਪਹਿਲਾਂ ਟੀਮ ਹੋਟਲ ਦੇ ਅੰਦਰ ਸ਼ਰਾਬ ਪਾਰਟੀ ਕੀਤੀ ਸੀ। ਸ਼੍ਰੀਲੰਕਾ ਨੇ ਨਿਊਯਾਰਕ ਵਿਚ 3 ਜੂਨ ਨੂੰ ਹੋਇਆ ਇਹ ਮੁਕਾਬਲਾ 6 ਵਿਕਟਾਂ ਨਾਲ ਗੁਆ ਦਿੱਤਾ ਸੀ। ਐੱਸ. ਐੱਲ. ਸੀ. ਨੇ ਬਿਆਨ ਵਿਚ ਕਿਹਾ, ‘‘ਸ਼੍ਰੀਲੰਕਾ ਕ੍ਰਿਕਟ ਦੱਖਣੀ ਅਫਰੀਕਾ ਵਿਰੁੱਧ ਮੈਚ ਤੋਂ ਪਹਿਲਾਂ ਟੀਮ ਹੋਟਲ ਦੇ ਅੰਦਰ ਸ਼ਰਾਬ ਪਾਰਟੀ?’ ਹੈਡਿੰਗ ਵਾਲੇ ਲੇਖ ਦੇ ਸਬੰਧ ਵਿਚ ਸਪੱਸ਼ਟੀਕਰਨ ਜਾਰੀ ਕਰਨਾ ਚਾਹੁੰਦਾ ਹੈ ਜਿਹੜਾ ਇਕ ਵੀਕਲੀ ਸਮਾਚਾਰ ਪੱਤਰ ਵਿਚ 7 ਜੁਲਾਈ ਨੂੰ ਪ੍ਰਕਾਸ਼ਿਤ ਹੋਇਆ ਤੇ ਫਿਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ।’’
ਬਿਆਨ ਅਨੁਸਾਰ, ‘‘ਐੱਸ. ਐੱਲ. ਸੀ. ਲੇਖ ਦੀ ਸਮੱਗਰੀ ਦਾ ਸਪੱਸ਼ਟ ਰੂਪ ਨਾਲ ਤੇ ਦਿੜ੍ਹਤਾ ਨਾਲ ਖੰਡਨ ਕਰਦਾ ਹੈ ਤੇ ਪੁਸ਼ਟੀ ਕਰਦਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ। ਇਸ ਲਈ ਐੱਸ. ਐੱਲ. ਸੀ. ਸਪੱਸ਼ਟ ਰੂਪ ਨਾਲ ਕਹਿੰਦਾ ਹੈ ਕਿ ਖਬਰ ਪੂਰੀ ਤਰ੍ਹਾਂ ਨਾਲ ਝੂਠੀ, ਮਨਘੜ੍ਹਤ ਤੇ ਨਿਰਾਧਾਰ ਹੈ।’’
ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਵਿਚ ਨੀਦਰਲੈਂਡ ਨੂੰ ਹਰਾ ਕੇ ਸਿਰਫ ਇਕ ਜਿੱਤ ਹਾਸਲ ਕੀਤੀ ਸੀ। ਟੀਮ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਹੱਥੋਂ ਹਾਰ ਜਾਣ ਤੋਂ ਬਾਅਦ ਤੀਜੇ ਸਥਾਨ ’ਤੇ ਰਹਿੰਦੇ ਹੋਏ ਗਰੁੱਪ ਗੇੜ ਵਿਚੋਂ ਹੀ ਬਾਹਰ ਹੋ ਗਈ ਸੀ। ਨੇਪਾਲ ਵਿਰੁੱਧ ਟੀਮ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।


author

Aarti dhillon

Content Editor

Related News