ਸ਼੍ਰੀਲੰਕਾ ਨੇ ਨਿਊਜ਼ੀਲੈਂਡ ਤੋਂ ਲੜੀ ਜਿੱਤ ਕੇ ਇਤਿਹਾਸ ਰਚਿਆ

Sunday, Sep 29, 2024 - 06:52 PM (IST)

ਗਾਲੇ (ਸ਼੍ਰੀਲੰਕਾ)–ਸ਼੍ਰੀਲੰਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਚੌਥੇ ਦਿਨ ਹੀ ਨਿਊਜ਼ੀਲੈਂਡ ਨੂੰ ਪਾਰੀ ਤੇ 154 ਦੌੜਾਂ ਨਾਲ ਕਰਾਰੀ ਹਾਰ ਦੇ ਕੇ 2 ਮੈਚਾਂ ਦੀ ਲੜੀ ਵਿਚ ਕਲੀਨ ਸਵੀਪ ਕਰ ਲਿਆ। ਸ਼੍ਰੀਲੰਕਾ ਨੇ ਇਸ ਲੜੀ ਵਿਚ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦਬਦਬਾ ਬਣਾਈ ਰੱਖਿਆ। ਇਹ ਪਿਛਲੇ 15 ਸਾਲਾਂ ਵਿਚ ਪਹਿਲਾ ਮੌਕਾ ਹੈ ਜਦੋਂ ਉਸ ਨੇ ਨਿਊਜ਼ੀਲੈਂਡ ਨੂੰ ਲੜੀ ਵਿਚ ਹਰਾਇਆ। ਸ਼੍ਰੀਲੰਕਾ ਦੀ ਇਸ ਜਿੱਤ ਦਾ ਹੀਰੋ ਖੱਬੇ ਹੱਥ ਦਾ ਸਪਿਨਰ ਪ੍ਰਭਾਤ ਜੈਸੂਰੀਆ ਰਿਹਾ। ਉਸ ਨੇ ਦੋ ਮੈਚਾਂ ਵਿਚ 18 ਵਿਕਟਾਂ ਲਈਆਂ ਤੇ ਉਸ ਨੂੰ ਲੜੀ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।
ਇਸ ਵਿਚਾਲੇ ਕਾਮਿੰਦੂ ਮੈਂਡਿਸ ਨੂੰ ਦੂਜੇ ਟੈਸਟ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਉਸ ਨੇ ਅਜੇਤੂ 182 ਦੌੜਾਂ ਬਣਾਈਆਂ, ਜਿਸ ਨਾਲ ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀਂ 5 ਵਿਕਟਾਂ 602 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ। ਮੈਂਡਿਸ ਇਸ ਪਾਰੀ ਦੌਰਾਨ ਸਭ ਤੋਂ ਤੇਜ਼ 1000 ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਧਾਕੜ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਦੇ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਪਹੁੰਚ ਗਿਆ।
ਪਹਿਲੇ ਟੈਸਟ ਮੈਚ ਵਿਚ 9 ਵਿਕਟਾਂ ਲੈਣ ਵਾਲੇ ਜੈਸੂਰੀਆ ਨੇ ਦੂਜੇ ਟੈਸਟ ਮੈਚ ਵਿਚ ਵੀ ਇਹ ਹੀ ਕਾਰਨਾਮਾ ਦੁਹਰਾਇਆ। ਦੂਜੇ ਟੈਸਟ ਮੈਚ ਵਿਚ ਉਸ ਨੂੰ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਨਿਸ਼ਾਨ ਪੇਈਰਿਸ ਦਾ ਵੀ ਚੰਗਾ ਸਾਥ ਮਿਲਿਆ, ਜਿਸ ਨੇ 9 ਵਿਕਟਾਂ ਲਈਆਂ, ਜਿਸ ਵਿਚ ਦੂਜੀ ਪਾਰੀ ਦੀਆਂ 5 ਵਿਕਟਾਂ ਵੀ ਸ਼ਾਮਲ ਹਨ। 
ਨਿਊਜ਼ੀਲੈਂਡ ਦੇ ਬੱਲੇਬਾਜ਼ ਸ਼੍ਰੀਲੰਕਾ ਦੇ ਸਪਿਨਰਾਂ ਸਾਹਮਣੇ ਜੂਝਦੇ ਹੋਏ ਨਜ਼ਰ ਆਏ। ਸ਼੍ਰੀਲੰਕਾ ਦੇ ਵੱਡੇ ਸੋਕਰ ਸਾਹਮਣੇ ਉਸਦੀ ਟੀਮ ਪਹਿਲੀ ਪਾਰੀ ਵਿਚ ਸਿਰਫ 88 ਦੌੜਾਂ ਹੀ ਬਣਾ ਸਕੀ ਤੇ ਉਸ ਨੂੰ ਫਾਲੋਆਨ ਲਈ ਮਜਬੂਰ ਹੋਣਾ ਪਿਆ। ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿਚ 360 ਦੌੜਾਂ ਬਣਾ ਕੇ ਕੁਝ ਚੁਣੌਤੀ ਪੇਸ਼ ਕੀਤੀ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕੀਵੀ ਟੀਮ ਦਾ ਇਸ ਦੌਰੇ ਵਿਚ ਇਹ ਸਰਵਉੱਚ ਸਕੋਰ ਹੈ। ਟੀਮ ਬਲੰਡੇਲ (62), ਗਲੇਨ ਫਿਲਿਪਸ (78) ਤੇ ਮਿਸ਼ੇਲ ਸੈਂਟਨਰ (67) ਨੇ ਦੂਜੀ ਪਾਰੀ ਵਿਚ ਅਰਧ ਸੈਂਕੜੇ ਬਣਾਏ ਪਰ ਇਸ ਨਾਲ ਉਹ ਹਾਰ ਦਾ ਫਰਕ ਹੀ ਘੱਟ ਕਰ ਸਕੇ।
ਨਿਊਜ਼ੀਲੈਂਡ ਨੇ ਸਵੇਰੇ 5 ਵਿਕਟਾਂ ’ਤੇ 199 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਪਰ ਉਸ ਨੇ ਪਹਿਲੇ ਸੈਸ਼ਨ ਵਿਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਸ਼੍ਰੀਲੰਕਾ ਦੀ ਵੱਡੀ ਜਿੱਤ ਤੈਅ ਹੋ ਗਈ। ਪਹਿਲੇ ਟੈਸਟ ਮੈਚ ਵਿਚ 63 ਦੌੜਾਂ ਨਾਲ ਜਿੱਤ ਦਰਜ ਕਰਨ ਵਾਲੀ ਸ਼੍ਰੀਲੰਕਾ ਨੇ ਹੁਣ ਤੱਕ ਲਗਾਤਾਰ ਤਿੰਨ ਟੈਸਟ ਮੈਚ ਜਿੱਤ ਲਏ ਹਨ ਤੇ ਇਸ ਨਾਲ ਉਸ ਨੇ ਅਗਲੇ ਜੂਨ ਵਿਚ ਲਾਰਡਸ ਵਿਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਵਧਾ ਦਿੱਤੀਆਂ ਹਨ।


Aarti dhillon

Content Editor

Related News