T20 WC 'ਚ ਇਟਲੀ ਦਾ ਵੱਡਾ ਉਲਟਫੇਰ; ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ
Thursday, Feb 12, 2026 - 06:19 PM (IST)
ਮੁੰਬਈ : ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਸੀ ਵਿੱਚ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ, ਜਿੱਥੇ ਇਟਲੀ ਨੇ ਨੇਪਾਲ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੁੰਬਈ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਇਟਲੀ ਨੇ ਨੇਪਾਲ ਨੂੰ ਹਰ ਖੇਤਰ ਵਿੱਚ ਪਛਾੜਿਆ ਅਤੇ 44 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਆਪਣੇ ਨਾਮ ਕਰ ਲਿਆ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨੇਪਾਲ ਦੀ ਟੀਮ ਇਟਲੀ ਦੇ ਸਪਿਨਰਾਂ ਦੀ ਅਨੁਸ਼ਾਸਿਤ ਗੇਂਦਬਾਜ਼ੀ ਅੱਗੇ ਬਿਲਕੁਲ ਬੇਵੱਸ ਨਜ਼ਰ ਆਈ। ਨੇਪਾਲ ਦੀ ਪੂਰੀ ਟੀਮ 19.3 ਓਵਰਾਂ ਵਿੱਚ ਮਹਿਜ਼ 123 ਦੌੜਾਂ ਦੇ ਸਕੋਰ 'ਤੇ ਸਿਮਟ ਗਈ। ਇਟਲੀ ਦੇ ਗੇਂਦਬਾਜ਼ਾਂ ਨੇ ਸ਼ੁਰੂਆਤ ਤੋਂ ਹੀ ਸ਼ਿਕੰਜਾ ਕੱਸਿਆ ਹੋਇਆ ਸੀ, ਜਿਸ ਕਾਰਨ ਨੇਪਾਲ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਿਹਾ।
12.4 ਓਵਰਾਂ 'ਚ ਜਿੱਤਿਆ ਮੈਚ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇਟਲੀ ਦੀ ਟੀਮ ਨੇ ਸ਼ਾਨਦਾਰ ਆਗਾਜ਼ ਕੀਤਾ। ਸਲਾਮੀ ਬੱਲੇਬਾਜ਼ਾਂ ਜਸਟਿਨ ਮੋਸਕਾ ਅਤੇ ਐਂਥਨੀ ਮੋਸਕਾ ਨੇ ਨੇਪਾਲੀ ਗੇਂਦਬਾਜ਼ਾਂ ਦੀ ਰੱਜ ਕੇ ਰੇਲ ਬਣਾਈ। ਦੋਵਾਂ ਵਿਚਾਲੇ ਪਹਿਲੇ ਵਿਕਟ ਲਈ ਅਟੁੱਟ ਸੈਂਕੜੇ ਦੀ ਸਾਂਝੇਦਾਰੀ ਹੋਈ। ਜਸਟਿਨ ਮੋਸਕਾ ਨੇ ਨਾਬਾਦ 60 ਦੌੜਾਂ ਅਤੇ ਐਂਥਨੀ ਮੋਸਕਾ ਨੇ ਨਾਬਾਦ 62 ਦੌੜਾਂ ਦੀਆਂ ਤੂਫਾਨੀ ਪਾਰੀਆਂ ਖੇਡੀਆਂ। ਇਨ੍ਹਾਂ ਦੋਵਾਂ ਦੀ ਬਦੌਲਤ ਇਟਲੀ ਨੇ ਬਿਨਾਂ ਕੋਈ ਵਿਕਟ ਗੁਆਏ ਮਹਿਜ਼ 12.4 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ।
