T20 WC: ਸ਼੍ਰੀਲੰਕਾ ਨੇ ਜ਼ਿੰਬਾਬਵੇ ਨੂੰ ਦਿੱਤਾ 179 ਦੌੜਾਂ ਦਾ ਟੀਚਾ

Thursday, Feb 19, 2026 - 05:29 PM (IST)

T20 WC: ਸ਼੍ਰੀਲੰਕਾ ਨੇ ਜ਼ਿੰਬਾਬਵੇ ਨੂੰ ਦਿੱਤਾ 179 ਦੌੜਾਂ ਦਾ ਟੀਚਾ

ਕੋਲੰਬੋ : ਟੀ-20 ਵਿਸ਼ਵ ਕੱਪ 2026 ਦੇ ਗਰੁੱਪ ਬੀ ਦੇ ਇੱਕ ਅਹਿਮ ਮੁਕਾਬਲੇ ਵਿੱਚ ਮੇਜ਼ਬਾਨ ਸ਼੍ਰੀਲੰਕਾ ਨੇ ਜ਼ਿੰਬਾਬਵੇ ਦੇ ਸਪਿਨਰਾਂ ਵਿਰੁੱਧ ਲੜਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਹੈ ਤੇ ਵਿਰੋਧੀ ਟੀਮ ਨੂੰ ਜਿੱਤ ਲਈ 179  ਦੌੜਾਂ ਦੀ ਟੀਚਾ ਦਿੱਤਾ।

ਨਿਸਾਂਕਾ ਅਤੇ ਪਰੇਰਾ ਦੀ ਧਮਾਕੇਦਾਰ ਸ਼ੁਰੂਆਤ
ਸ੍ਰੀਲੰਕਾ ਦੀ ਪਾਰੀ ਦੀ ਸ਼ੁਰੂਆਤ ਬੇਹੱਦ ਤੇਜ਼ ਰਹੀ। ਸਲਾਮੀ ਬੱਲੇਬਾਜ਼ ਕੁਸਲ ਪਰੇਰਾ (22) ਅਤੇ ਪਾਥੁਮ ਨਿਸਾਂਕਾ (62) ਨੇ ਮਹਿਜ਼ 4.5 ਓਵਰਾਂ ਵਿੱਚ 54 ਦੌੜਾਂ ਜੋੜ ਦਿੱਤੀਆਂ। ਭਾਵੇਂ ਪਰੇਰਾ ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਰਬਾਨੀ ਦੀ ਗੇਂਦ 'ਤੇ ਕੈਚ ਆਊਟ ਹੋ ਗਏ, ਪਰ ਸ੍ਰੀਲੰਕਾ ਨੇ ਪਾਵਰਪਲੇਅ ਵਿੱਚ ਇੱਕ ਵਿਕਟ 'ਤੇ 61 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ।

ਜ਼ਿੰਬਾਬਵੇ ਦੇ ਸਪਿਨਰਾਂ ਨੇ ਪਾਇਆ ਦਬਾਅ 
ਪਾਵਰਪਲੇਅ ਤੋਂ ਬਾਅਦ ਜ਼ਿੰਬਾਬਵੇ ਦੇ ਸਪਿਨਰਾਂ—ਸਿਕੰਦਰ ਰਜ਼ਾ, ਗ੍ਰੀਮ ਕ੍ਰੇਮਰ, ਰਿਆਨ ਬਰਲ ਅਤੇ ਵੇਲਿੰਗਟਨ ਮਸਾਕਾਜ਼ਾ—ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸ੍ਰੀਲੰਕਾਈ ਬੱਲੇਬਾਜ਼ਾਂ ਦੀ ਰਫ਼ਤਾਰ 'ਤੇ ਲਗਾਮ ਲਗਾਈ। ਅਗਲੇ ਚਾਰ ਓਵਰਾਂ ਵਿੱਚ ਸਿਰਫ਼ 21 ਦੌੜਾਂ ਹੀ ਬਣ ਸਕੀਆਂ ਅਤੇ ਕੁਸਲ ਮੈਂਡਿਸ (14) ਵੀ ਜਲਦੀ ਪਵੇਲੀਅਨ ਪਰਤ ਗਏ।

ਰਤਨਾਇਕੇ ਨੇ ਅੰਤਲੇ ਓਵਰਾਂ ਵਿੱਚ ਦਿਖਾਇਆ ਦਮ 
ਆਸਟ੍ਰੇਲੀਆ ਵਿਰੁੱਧ ਪਿਛਲੇ ਮੈਚ ਵਿੱਚ ਸੈਂਕੜਾ ਜੜਨ ਵਾਲੇ ਪਾਥੁਮ ਨਿਸਾਂਕਾ ਨੇ ਆਪਣੀ ਲੈਅ ਨੂੰ ਬਰਕਰਾਰ ਰੱਖਦੇ ਹੋਏ 34 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਪਵਨ ਰਤਨਾਇਕੇ ਨੇ 25 ਗੇਂਦਾਂ ਵਿੱਚ 44 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਸਕੋਰ ਨੂੰ ਗਤੀ ਦਿੱਤੀ। ਰਤਨਾਇਕੇ ਨੇ 19ਵੇਂ ਓਵਰ ਵਿੱਚ ਬ੍ਰੈਡ ਇਵਾਂਸ ਨੂੰ ਦੋ ਚੌਕੇ ਅਤੇ ਇੱਕ ਛੱਕਾ ਜੜ ਕੇ ਟੀਮ ਨੂੰ 150 ਦੌੜਾਂ ਦੇ ਅੰਕੜੇ ਤੋਂ ਪਾਰ ਪਹੁੰਚਾਇਆ। ਸ੍ਰੀਲੰਕਾ ਨੇ ਆਖਰੀ ਦੋ ਓਵਰਾਂ ਵਿੱਚ 30 ਦੌੜਾਂ ਬਟੋਰੀਆਂ, ਜਿਸ ਨਾਲ ਟੀਮ 178 ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚ ਸਕੀ।


author

Tarsem Singh

Content Editor

Related News