T20 WC 2026: ਸ਼੍ਰੀਲੰਕਾ ਨੇ ਓਮਾਨ ਨੂੰ 105 ਦੌੜਾਂ ਨਾਲ ਹਰਾਇਆ

Thursday, Feb 12, 2026 - 03:44 PM (IST)

T20 WC 2026: ਸ਼੍ਰੀਲੰਕਾ ਨੇ ਓਮਾਨ ਨੂੰ 105 ਦੌੜਾਂ ਨਾਲ ਹਰਾਇਆ

ਪੱਲੀਕਲ: ਆਈ.ਸੀ.ਸੀ. ਟੀ-20 ਵਿਸ਼ਵ ਕੱਪ 2026 ਦੇ 16ਵੇਂ ਮੁਕਾਬਲੇ ਵਿੱਚ ਸ਼੍ਰੀਲੰਕਾ ਨੇ ਬੇਹੱਦ ਘਾਤਕ ਪ੍ਰਦਰਸ਼ਨ ਕਰਦਿਆਂ ਓਮਾਨ ਨੂੰ 105 ਦੌੜਾਂ ਦੇ ਵੱਡੇ ਫਰਕ ਨਾਲ ਕਰਾਰੀ ਸ਼ਿਕਸਤ ਦਿੱਤੀ ਹੈ। ਪੱਲੀਕਲ ਦੇ ਮੈਦਾਨ 'ਤੇ ਖੇਡੇ ਗਏ ਇਸ ਮੈਚ ਵਿੱਚ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੇ ਪਹਿਲਾਂ ਬੋਰਡ 'ਤੇ ਦੌੜਾਂ ਦਾ ਪਹਾੜ ਖੜ੍ਹਾ ਕੀਤਾ ਅਤੇ ਫਿਰ ਗੇਂਦਬਾਜ਼ਾਂ ਨੇ ਓਮਾਨ ਦੀ ਪੂਰੀ ਟੀਮ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।

ਸ਼੍ਰੀਲੰਕਾ ਦੀ ਤੂਫਾਨੀ ਬੱਲੇਬਾਜ਼ੀ
ਓਮਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਉਨ੍ਹਾਂ ਲਈ ਬਹੁਤ ਮਹਿੰਗਾ ਸਾਬਤ ਹੋਇਆ। ਭਾਵੇਂ ਸ਼੍ਰੀਲੰਕਾ ਦੀ ਸ਼ੁਰੂਆਤ ਧੀਮੀ ਰਹੀ ਅਤੇ 42 ਦੇ ਸਕੋਰ ਤੱਕ ਦੋਵੇਂ ਸਲਾਮੀ ਬੱਲੇਬਾਜ਼ ਆਊਟ ਹੋ ਗਏ ਸਨ, ਪਰ ਇਸ ਤੋਂ ਬਾਅਦ ਕੁਸਲ ਮੈਂਡਿਸ ਅਤੇ ਪਵਨ ਰਥਨਾਇਕੇ ਦੀ ਜੋੜੀ ਨੇ ਮੋਰਚਾ ਸੰਭਾਲਿਆ। ਦੋਵਾਂ ਵਿਚਾਲੇ 94 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਰਥਨਾਇਕੇ ਨੇ ਮਹਿਜ਼ 28 ਗੇਂਦਾਂ ਵਿੱਚ 8 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 60 ਦੌੜਾਂ ਬਣਾਈਆਂ, ਜਦਕਿ ਮੈਂਡਿਸ ਨੇ 45 ਗੇਂਦਾਂ ਵਿੱਚ 7 ਚੌਕੇ ਜੜ ਕੇ 61 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ ਕਪਤਾਨ ਦਾਸੁਨ ਸ਼ਨਾਕਾ ਨੇ ਸਿਰਫ਼ 20 ਗੇਂਦਾਂ ਵਿੱਚ 2 ਚੌਕਿਆਂ ਅਤੇ 5 ਗਗਨਚੁੰਬੀ ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਆਤਿਸ਼ੀ ਪਾਰੀ ਖੇਡ ਕੇ ਸ਼੍ਰੀਲੰਕਾ ਦਾ ਸਕੋਰ 20 ਓਵਰਾਂ ਵਿੱਚ 225/5 ਤੱਕ ਪਹੁੰਚਾ ਦਿੱਤਾ।

ਓਮਾਨ ਦੀ ਬੱਲੇਬਾਜ਼ੀ ਹੋਈ ਫੇਲ੍ਹ 
226 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਓਮਾਨ ਦੀ ਟੀਮ ਸ਼੍ਰੀਲੰਕਾਈ ਗੇਂਦਬਾਜ਼ੀ ਦੇ ਅੱਗੇ ਬਿਲਕੁਲ ਬੇਵੱਸ ਨਜ਼ਰ ਆਈ। ਓਮਾਨ ਦੇ ਬੱਲੇਬਾਜ਼ ਲਗਾਤਾਰ ਆਪਣੀਆਂ ਵਿਕਟਾਂ ਗੁਆਉਂਦੇ ਰਹੇ ਅਤੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 120 ਰਨ ਹੀ ਬਣਾ ਸਕੇ। ਓਮਾਨ ਵੱਲੋਂ ਸਿਰਫ਼ ਮੁਹੰਮਦ ਨਦੀਮ ਹੀ ਇਕੱਲੇ ਡਟੇ ਰਹੇ, ਜਿਨ੍ਹਾਂ ਨੇ 56 ਗੇਂਦਾਂ ਵਿੱਚ ਨਾਬਾਦ 53 ਦੌੜਾਂ ਬਣਾਈਆਂ, ਜਦਕਿ ਵਸੀਮ ਅਲੀ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਬਾਕੀ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ (10 ਰਨ) ਤੱਕ ਵੀ ਨਹੀਂ ਪਹੁੰਚ ਸਕਿਆ।

ਗੇਂਦਬਾਜ਼ਾਂ ਦਾ ਦਬਦਬਾ 
ਸ਼੍ਰੀਲੰਕਾ ਲਈ ਦੁਸ਼ਮੰਤ ਚਮੀਰਾ ਅਤੇ ਮਹੀਸ਼ ਤੀਕਸ਼ਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 2-2 ਵਿਕਟਾਂ ਝਟਕਾਈਆਂ। ਉਨ੍ਹਾਂ ਤੋਂ ਇਲਾਵਾ ਦੁਨਿਤ ਵੇੱਲਾਲਗੇ, ਦੁਸ਼ਾਨ ਹੇਮੰਥਾ ਅਤੇ ਕਾਮਿੰਡੂ ਮੈਂਡਿਸ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਓਮਾਨ ਵੱਲੋਂ ਗੇਂਦਬਾਜ਼ੀ ਵਿੱਚ ਜਿਤੇਨ ਰਾਮਾਨੰਦੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।


author

Tarsem Singh

Content Editor

Related News