ਈਸ਼ਾਨ ਕਿਸ਼ਨ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਰਚਿਆ ਇਤਿਹਾਸ

Thursday, Feb 12, 2026 - 09:59 PM (IST)

ਈਸ਼ਾਨ ਕਿਸ਼ਨ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਰਚਿਆ ਇਤਿਹਾਸ

ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿੱਚ ਨਾਮੀਬੀਆ ਦੇ ਖਿਲਾਫ ਖੇਡੇ ਗਏ ਮੁਕਾਬਲੇ ਵਿੱਚ ਭਾਰਤੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਈਸ਼ਾਨ ਨੇ ਮਹਿਜ਼ 24 ਗੇਂਦਾਂ ਵਿੱਚ 61 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ, ਜਿਸ ਦੀ ਬਦੌਲਤ ਕਈ ਵੱਡੇ ਰਿਕਾਰਡ ਭਾਰਤ ਦੇ ਨਾਂ ਹੋ ਗਏ ਹਨ।

ਈਸ਼ਾਨ ਕਿਸ਼ਨ ਨੇ ਸਿਰਫ਼ 20 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਉਹ ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਬਣ ਗਏ ਹਨ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਵਰਗੇ ਦਿੱਗਜ ਵਿਕਟਕੀਪਰ ਵੀ ਵਰਲਡ ਕੱਪ ਵਿੱਚ ਇਹ ਕਾਰਨਾਮਾ ਨਹੀਂ ਕਰ ਸਕੇ ਸਨ। ਆਪਣੀ ਇਸ ਪਾਰੀ ਦੌਰਾਨ ਈਸ਼ਾਨ ਨੇ 6 ਚੌਕੇ ਅਤੇ 5 ਛੱਕੇ ਜੜੇ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 254.17 ਦਾ ਰਿਹਾ।

ਈਸ਼ਾਨ ਦੀ ਇਸ ਵਿਸਫੋਟਕ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਨੇ ਟੀ-20 ਵਰਲਡ ਕੱਪ ਇਤਿਹਾਸ ਵਿੱਚ ਸਭ ਤੋਂ ਤੇਜ਼ 100 ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਵੀ ਕਾਇਮ ਕਰ ਦਿੱਤਾ ਹੈ। ਟੀਮ ਇੰਡੀਆ ਨੇ ਮਹਿਜ਼ 6.5 ਓਵਰਾਂ (41 ਗੇਂਦਾਂ) ਵਿੱਚ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਇਸ ਤੋਂ ਇਲਾਵਾ, ਭਾਰਤ ਨੇ ਪਾਵਰਪਲੇ (ਪਹਿਲੇ 6 ਓਵਰਾਂ) ਵਿੱਚ 86 ਰਨ ਬਣਾਏ, ਜੋ ਕਿ ਟੀ-20 ਵਰਲਡ ਕੱਪ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ।

ਰੋਹਿਤ ਸ਼ਰਮਾ ਨੂੰ ਪਛਾੜਿਆ 

ਈਸ਼ਾਨ ਕਿਸ਼ਨ ਪਾਵਰਪਲੇ ਵਿੱਚ ਅਰਧ ਸੈਂਕੜਾ ਜੜਨ ਵਾਲੇ ਤੀਜੇ ਭਾਰਤੀ ਬਣ ਗਏ ਹਨ। ਉਨ੍ਹਾਂ ਨੇ ਰੋਹਿਤ ਸ਼ਰਮਾ (21 ਗੇਂਦਾਂ) ਦਾ ਰਿਕਾਰਡ ਤੋੜ ਦਿੱਤਾ ਹੈ, ਹਾਲਾਂਕਿ ਕੇਐਲ ਰਾਹੁਲ (19 ਗੇਂਦਾਂ) ਅਜੇ ਵੀ ਉਨ੍ਹਾਂ ਤੋਂ ਅੱਗੇ ਹਨ।

ਜ਼ਿਕਰਯੋਗ ਹੈ ਕਿ ਈਸ਼ਾਨ ਕਿਸ਼ਨ ਨੇ 2021 ਦੇ ਟੀ-20 ਵਰਲਡ ਕੱਪ ਵਿੱਚ ਡੈਬਿਊ ਕੀਤਾ ਸੀ, ਜਿੱਥੇ ਉਹ ਨਿਊਜ਼ੀਲੈਂਡ ਖਿਲਾਫ ਸਿਰਫ਼ 4 ਦੌੜਾਂ ਬਣਾ ਸਕੇ ਸਨ। ਸਾਲ 2026 ਦੇ ਇਸ ਵਰਲਡ ਕੱਪ ਵਿੱਚ ਵਾਪਸੀ ਕਰਦਿਆਂ ਉਨ੍ਹਾਂ ਨੇ ਪਹਿਲੇ ਮੈਚ ਵਿੱਚ ਯੂਐੱਸਏ ਵਿਰੁੱਧ 20 ਦੌੜਾਂ ਬਣਾਈਆਂ ਸਨ ਪਰ ਦੂਜੇ ਹੀ ਮੈਚ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਪਚਾਸਾ ਜੜ ਕੇ ਸਭ ਨੂੰ ਪ੍ਰਭਾਵਿਤ ਕੀਤਾ ਹੈ।


author

Rakesh

Content Editor

Related News