ਸ਼੍ਰੀਲੰਕਾ ਦੇ ਪਹਿਲੇ ਟੈਸਟ ਕਪਤਾਨ ਬਾਂਦੁਲਾ ਵਰਣਪੁਰਾ ਦਾ ਹੋਇਆ ਦਿਹਾਂਤ
Monday, Oct 18, 2021 - 03:21 PM (IST)
ਕੋਲੰਬੋ- ਸ਼੍ਰੀਲੰਕਾ ਦੇ ਪਹਿਲੇ ਟੈਸਟ ਕਪਤਾਨ ਬਾਂਦੁਲਾ ਵਰਣਪੁਰਾ ਦਾ ਇੱਥੇ ਸ਼ਹਿਰ ਦੇ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 68 ਸਾਲ ਦੇ ਸਨ। ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸਰੀਰ 'ਚ ਸ਼ੂਗਰ ਦਾ ਪੱਧਰ ਕਾਫ਼ੀ ਵਧਣ ਦੇ ਚਲਦੇ ਖ਼ੂਨ ਦੇ ਸੰਚਾਰ (ਬਲੱਡ ਸਰਕੁਲੇਸ਼ਨ) 'ਚ ਸਮੱਸਿਆ ਦੇ ਕਾਰਨ ਇਸੇ ਮਹੀਨੇ ਉਨ੍ਹਾਂ ਦਾ ਸੱਜਾ ਪੈਰ ਕੱਟਣਾ ਪਿਆ ਸੀ। ਸ਼ਾਨਦਾਰ ਤਕਨੀਕ ਵਾਲੇ ਸਲਾਮੀ ਬੱਲੇਬਾਜ਼ ਵਰਣਪੁਰਾ ਮੱਧਮ ਤੇਜ਼ ਰਫ਼ਤਾਰ ਦੀ ਗੇਂਦਬਾਜ਼ੀ ਕਰਨ 'ਚ ਵੀ ਸਮਰਥ ਸਨ।
ਇਹ ਵੀ ਪੜ੍ਹੋ : ਕਈ ਵਾਰ ਭੁੱਖੇ ਢਿੱਡ ਸੋਣ ਵਾਲਾ ਇਹ ਕ੍ਰਿਕਟਰ ਅੱਜ ਹੈ ਕਰੋੜਪਤੀ, ਜਾਣੋ ਉਸ ਦੇ ਸੰਘਰਸ਼ ਦੀ ਕਹਾਣੀ
ਫਰਵਰੀ 1982 'ਚ ਇੰਗਲੈਂਡ ਦੇ ਖ਼ਿਲਾਫ ਪਹਿਲੇ ਟੈਸਟ 'ਚ ਸ਼੍ਰੀਲੰਕਾ ਦੀ ਅਗਵਾਈ ਕਰਨ ਤੋਂ ਇਲਾਵਾ ਉਹ ਦੇਸ਼ ਵਲੋਂ ਟੈਸਟ ਕ੍ਰਿਕਟ 'ਚ ਪਹਿਲੀ ਗੇਂਦ ਦਾ ਸਾਹਮਣਾ ਕਰਨ ਵਾਲੇ ਤੇ ਪਹਿਲੀ ਦੌੜ ਬਣਾਉਣ ਵਾਲੇ ਬੱਲੇਬਾਜ਼ ਵੀ ਸਨ। ਇਸੇ ਮੈਚ 'ਚ ਬੱਲੇਬਾਜ਼ੀ ਤੇ ਗੇਂਦਬਾਜ਼ੀ (ਦੂਜੀ ਪਾਰੀ 'ਚ) ਦੋਵੇਂ 'ਚ ਸ਼੍ਰੀਲੰਕਾ ਲਈ ਆਗਾਜ਼ ਕਰਨ ਦਾ ਕਾਰਨਾਮਾ ਵੀ ਉਨ੍ਹਾਂ ਨੇ ਕੀਤਾ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ।
ਐੱਸ. ਐੱਲ. ਸੀ. ਪ੍ਰਮੁੱਖ ਸ਼ੰਮੀ ਸਿਲਵਾ ਨੇ ਬਿਆਨ 'ਚ ਕਿਹਾ, ‘ਮੈਨੂੰ ਬਾਂਦੁਲਾ ਵਰਣਪੁਰਾ ਦੇ ਦਿਹਾਂਤ ਦਾ ਬੇਹੱਦ ਦੁਖ ਹੈ ਜੋ ਸ਼੍ਰੀਲੰਕਾ ਦੇ ਪਹਿਲੇ ਟੈਸਟ ਕਪਤਾਨ ਸਨ।' ਉਨ੍ਹਾਂ ਅੱਗੇ ਕਿਹਾ, ‘ਉਹ ਸ਼ਾਨਦਾਰ ਕ੍ਰਿਕਟਰ, ਪ੍ਰਸ਼ਾਸਕ, ਕੋਚ, ਕੁਮੈਂਟੇਟਰ ਤੇ ਇਨ੍ਹਾਂ ਸਭ ਤੋਂ ਉੱਪਰ ਚੰਗੇ ਇਨਸਾਨ ਸਨ ਤੇ ਉਨ੍ਹਾਂ ਦਾ ਦਿਹਾਂਤ ਕ੍ਰਿਕਟ ਜਗਤ ਦਾ ਭਾਰੀ ਨੁਕਸਾਨ ਹੈ।'
ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਮੁੱਖ ਕੋਚ ਦੇ ਵੱਖ-ਵੱਖ ਅਹੁਦਿਆਂ ’ਤੇ ਨਿਕਲੀ ਭਰਤੀ
ਵਰਣਪੁਰਾ ਨੇ 1975 ਤੋਂ 1982 ਤਕ ਚਾਰ ਟੈਸਟ ਤੇ 12 ਵਨ-ਡੇ ਕੌਮਾਂਤਰੀ ਮੈਚਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਵਰਣਪੁਰਾ ਨੇ ਹਾਲਾਂਕਿ ਬਾਗ਼ੀ ਟੀਮ ਦੇ ਨਾਲ 1982-83 'ਚ ਰੰਗਭੇਦ (ਨਸਲਵਾਦ) ਦੇ ਦੌਰ 'ਚ ਦੱਖਣੀ ਅਫਰੀਕਾ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਨੇ ਉਨ੍ਹਾਂ ਦੇ ਖੇਡਣ 'ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਨੇ ਬਾਅਦ 'ਚ ਰਾਸ਼ਟਰੀ ਟੀਮ ਦੇ ਕੋਚ ਤੇ ਸ਼੍ਰੀਲੰਕਾ ਕ੍ਰਿਕਟ 'ਚ ਪ੍ਰਸ਼ਾਸਕ ਦੀ ਭੂਮਿਕਾ ਨਿਭਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।