ਸ਼੍ਰੀਜੇਸ਼ ਪੰਜ ਮਹੀਨਿਆਂ ਲਈ ਬਾਹਰ, ਏਸ਼ੀਆ ਕੱਪ ''ਚ ਨਹੀਂ ਖੇਡਣਗੇ

06/27/2017 4:34:24 PM

ਨਵੀਂ ਦਿੱਲੀ— ਭਾਰਤ ਦੇ ਨੰਬਰ ਇਕ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਲਗਭਗ ਪੰਜ ਮਹੀਨਿਆਂ ਤੱਕ ਖੇਡ ਤੋਂ ਬਾਹਰ ਰਹਿਣਗੇ ਜਿਸ ਦਾ ਮਤਲਬ ਹੈ ਕਿ ਉਹ ਇਸ ਸਾਲ ਅਕਤੂਬਰ 'ਚ ਢਾਕਾ 'ਚ ਆਯੋਜਿਤ ਹੋਣ ਵਾਲੇ ਏਸ਼ੀਆ ਕੱਪ 'ਚ ਨਹੀਂ ਖੇਡ ਸਕਣਗੇ। ਸ਼੍ਰੀਜੇਸ਼ ਦੀ ਲੰਡਨ 'ਚ ਖਤਮ ਹੋਈ ਵਿਸ਼ਵ ਲੀਗ ਸੈਮੀਫਾਈਨਲ 'ਚ ਵੱਡੀ ਕਮੀ ਮਹਿਸੂਸ ਹੋਈ। ਉਨ੍ਹਾਂ ਦੇ ਸੱਜੇ ਗੋਡੇ ਦਾ ਇਸ ਮਹੀਨੇ ਦੇ ਸ਼ੁਰੂ 'ਚ ਮੁੰਬਈ 'ਚ ਆਪਰੇਸ਼ਨ ਕੀਤਾ ਗਿਆ। ਉਹ ਇਸ ਸਾਲ ਅਪ੍ਰੈਲ-ਮਈ 'ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ।

ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਡੇਵਿਡ ਜੋਨ ਦੇ ਮੁਤਾਬਕ ਸ਼੍ਰੀਜੇਸ਼ ਨੂੰ ਪੂਰਨ ਫਿੱਟਨੈਸ ਹਾਸਲ ਕਰਕੇ ਵਾਪਸੀ ਕਰਨ 'ਚ ਘੱਟੋ-ਘੱਟ ਪੰਜ ਮਹੀਨਿਆਂ ਦਾ ਸਮਾਂ ਲਗ ਜਾਵੇਗਾ ਜਿਸ ਦਾ ਮਤਲਬ ਹੈ ਕਿ ਉਹ ਭੁਵਨੇਸ਼ਵਰ 'ਚ ਦਸੰਬਰ 'ਚ ਹੋਣ ਵਾਲੀ ਵਿਸ਼ਵ ਲੀਗ ਫਾਈਨਲ 'ਚ ਖੇਡ ਸਕਦੇ ਹਨ। ਜਾਨ ਨੇ ਪੱਤਰਕਾਰਾਂ ਨੂੰ ਕਿਹਾ, ''ਸਾਨੂੰ ਸ਼੍ਰੀਜੇਸ਼ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ। ਵਿਕਾਸ ਦਹੀਆ ਅਤੇ ਆਕਾਸ਼ ਚਿਕਤੇ ਅਜੇ ਯੁਵਾ ਹਨ ਅਤੇ ਉਹ ਦੁਨੀਆ ਦੇ ਚੋਟੀ ਦੇ ਗੋਲਕੀਪਰਾਂ ਦੀ ਬਰਾਬਰੀ ਦੇ ਨਹੀਂ ਹਨ। ਸਾਨੂੰ ਅਗਲੇ 6 ਮਹੀਨਿਆਂ 'ਚ ਗੋਲਕੀਪਰਾਂ ਦੀ ਅਗਲੀ ਪੰਗਤ ਤਿਆਰ ਕਰਨੀ ਹੋਵੇਗੀ।''

ਉਨ੍ਹਾਂ ਕਿਹਾ, ''ਸ਼੍ਰੀਜੇਸ਼ ਦਾ 10 ਦਿਨਾਂ ਪਹਿਲੇ ਮੁੰਬਈ 'ਚ ਡਾ. ਅਨੰਤ ਜੋਸ਼ੀ ਨੇ ਆਪਰੇਸ਼ਨ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਫਿੱਟਨੈਸ ਹਾਸਲ ਕਰਨ 'ਚ ਘੱਟੋ-ਘੱਟ 6 ਮਹੀਨੇ ਲੱਗ ਜਾਣਗੇ।'' ਜਾਨ ਨੇ ਕਿਹਾ, ''ਸ਼੍ਰੀਜੇਸ਼ ਦੀ ਯਕੀਨੀ ਤੌਰ 'ਤੇ ਏਸ਼ੀਆ ਕੱਪ 'ਚ ਕਮੀ ਮਹਿਸੂਸ ਹੋਵੇਗੀ ਪਰ ਅਸੀਂ ਦਸੰਬਰ 'ਚ ਹੋਣ ਵਾਲੀ ਹਾਕੀ ਵਿਸ਼ਵ ਲੀਗ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਕਰਨ ਦੇ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਇਸ ਨਾਲ ਸਾਨੂੰ ਆਪਣੇ ਰਿਜ਼ਰਵ ਗੋਲਕੀਪਰ ਤਿਆਰ ਕਰਨ ਦਾ ਵੀ ਮੌਕਾ ਮਿਲੇਗਾ।''

ਹਾਈ ਪਰਫਾਰਮੈਂਸ ਨਿਰਦੇਸ਼ਕ ਹੋਣ ਦੇ ਨਾਤੇ ਜਾਨ ਨੇ ਲੰਡਨ 'ਚ ਐੱਚ.ਡਬਲਯੂ.ਐੱਲ. ਸੈਮੀਫਾਈਨਲ 'ਚ ਭਾਰਤ ਦੇ ਫਾਡੀ ਪ੍ਰਦਰਸ਼ਨ ਦਾ ਵੀ ਮੁਲਾਂਕਣ ਕੀਤਾ। ਉਨ੍ਹਾਂ ਕਿਹਾ, ''ਸਾਨੂੰ ਆਪਣੀ ਡਿਫੈਂਸ ਲਾਈਨ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਸਾਨੂੰ ਕੁਝ ਸ਼ਾਨਦਾਰ ਰੱਖਿਅਕਾਂ ਨੂੰ ਤਿਆਰ ਕਰਨਾ ਹੋਵੇਗਾ ਕਿਉਂਕਿ ਲੰਡਨ 'ਚ ਤੇਜ਼ੀ ਦੀ ਕਮੀ 'ਚ ਮਲੇਸ਼ੀਆ ਅਤੇ ਕੈਨੇਡਾ ਨੇ ਜਵਾਬੀ ਹਮਲੇ ਕਰਕੇ ਸਾਡੇ ਖਿਲਾਫ ਗੋਲ ਕੀਤੇ।''


Related News