ਸ਼੍ਰੀਜੇਸ਼ ਤੇ ਸਵਿਤਾ ਨੇ ਜਿੱਤਿਆ ਸਰਵਸ੍ਰੇਸ਼ਠ ਗੋਲਕੀਪਰ ਦਾ ਐਵਾਰਡ

10/06/2022 12:43:47 PM

ਲੁਸਾਨੇ (ਭਾਸ਼ਾ)– ਭਾਰਤ ਦੇ ਪੀ. ਆਰ. ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਨੂੰ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ ਐੱਫ. ਆਈ. ਐੱਚ. ਦੇ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਤੇ ਮਹਿਲਾ ਗੋਲਕੀਪਰ ਚੁਣਿਆ ਗਿਆ। ਸ਼੍ਰੀਜੇਸ਼ ਨੇ ਆਪਣੇ ਕਰੀਅਰ ਦੇ 16ਵੇਂ ਸਾਲ ਵਿਚ ਭਾਰਤ ਲਈ ਆਪਣਾ ਮਹੱਤਵ ਦਿਖਾਉਂਦੇ ਹੋਏ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਵਿਚ ਸਾਰੇ 16 ਮੈਚਾਂ ਵਿਚ ਹਿੱਸਾ ਲਿਆ, ਜਿੱਥੇ ਭਾਰਤ ਤੀਜੇ ਸਥਾਨ ’ਤੇ ਰਿਹਾ। ਉਸ ਨੇ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਵੀ ਸਾਰੇ 6 ਮੈਚ ਖੇਡੇ, ਜਿੱਥੇ ਭਾਰਤ ਨੂੰ ਚਾਂਦੀ ਤਮਗਾ ਹਾਸਲ ਹੋਇਆ ਸੀ। ਵੋਟਿੰਗ ਵਿਚ ਸ਼੍ਰੀਜੇਸ਼ ਨੂੰ ਕੁਲ 39.9 ਅੰਕ ਮਿਲੇ ਜਦਕਿ ਬੈਲਜੀਅਮ ਦਾ ਲੇਇਕ ਵੈਨ ਡੋਰੇਨ (26.3 ਅੰਕ) ਦੂਜੇ ਤੇ ਨੀਦਰਲੈਂਡ ਦਾ ਪ੍ਰਾਈਮਿਨ ਬਲਾਕ (23.2 ਅੰਕ) ਤੀਜੇ ਸਥਾਨ ’ਤੇ ਰਿਹਾ। ਦੂਜੇ ਪਾਸੇ 32 ਸਾਲਾ ਸਵਿਤਾ 37.6 ਅੰਕਾਂ ਨਾਲ ਵੋਟਿੰਗ ਵਿਚ ਚੋਟੀ ’ਤੇ ਰਹੀ। ਅਰਜਨਟੀਨਾ ਦੀ ਧਾਕੜ ਜੋਸੇਲਿਨ ਬਾਟਰਮ (16 ਅੰਕ) ਤੀਜੇ ਸਥਾਨ ’ਤੇ ਹੈ। ਸ਼੍ਰੀਜੇਸ਼ ਲਗਾਤਾਰ ਦੋ ਵਾਰ ਸਾਲ ਦਾ ਸਰਵਸ੍ਰੇਸ਼ਠ ਗੋਲਕੀਪਰ ਐਵਾਰਡ ਜਿੱਤਣ ਵਾਲਾ ਤੀਜਾ ਖਿਡਾਰੀ ਹੈ। ਇਸ ਤੋਂ ਪਹਿਲਾਂ ਡੇਵਿਡ ਹਟਰ (ਆਇਰਲੈਂਡ) ਨੇ 2015 ਤੇ 2016 ਵਿਚ ਇਹ ਐਵਾਰਡ ਹਾਸਲ ਕੀਤਾ ਸੀ ਜਦਕਿ ਬੈਲਜੀਅਮ ਦੇ ਵਿਨਸੇਂਟ ਵਨਾਸ਼ ਨੇ 2017 ਤੋਂ 2019 ਤਕ ਲਗਾਤਾਰ ਤਿੰਨ ਵਾਰ ਇਸ ਨੂੰ ਜਿੱਤਿਆ ਸੀ।

ਸਵਿਤਾ ‘ਸਾਲ ਦੀ ਸਰਵਸ੍ਰੇਸ਼ਠ ਗੋਲਕੀਪਰ ਐਵਾਰਡ’ ਦੀ 2014 ਵਿਚ ਸਥਾਪਨਾ ਤੋਂ ਬਾਅਦ ਤੋਂ ਲਗਾਤਾਰ ਦੋ ਸਾਲਾਂ ਤਕ ਇਹ ਐਵਾਰਡ ਜਿੱਤਣ ਵਾਲੀ ਸਿਰਫ ਤੀਜੀ ਐਥਲੀਟ ਹੈ। ਸਵਿਤਾ ਨੇ ਐੱਫ. ਆਈ. ਐੱਚ. ਹਾਕੀ ਮਹਿਲਾ ਪ੍ਰੋ ਲੀਗ 2021-22 ਵਿਚ ਭਾਰਤ ਨੂੰ ਪੋਡੀਅਮ ’ਤੇ ਪਹੁੰਚਾਉਣ ਲਈ ਟੀਮ ਦੀ ਅਗਵਾਈ ਕੀਤੀ ਤੇ 14 ਮੈਚ ਖੇਡੇ ਤੇ 57 ਗੋਲ ਬਚਾਏ। ਭਾਰਤੀ ਮਹਿਲਾ ਹਾਕੀ ਟੀਮ ਨੇ ਸਵਿਤਾ ਦੀ ਕਪਤਾਨੀ ਵਿਚ ਹੀ ਰਾਸ਼ਟਰਮੰਡਲ ਖੇਡਾਂ 2022 ਵਿਚ ਕਾਂਸੀ ਤਮਗਾ ਜਿੱਤਿਆ ਜਦਕਿ ਖੇਡਾਂ ਵਿਚ ਤਮਗੇ ਦਾ 16 ਸਾਲ ਦਾ ਸੋਕਾ ਖਤਮ ਕੀਤਾ। ਇਸ ਤੋਂ ਪਹਿਲਾਂ ਨੌਜਵਾਨ ਫਾਰਵਰਡ ਮੁਮਤਾਜ਼ ਖਾਨ ਮੰਗਲਵਾਰ ਨੂੰ ਐੱਫ. ਆਈ. ਐੱਚ. ਦੀ  ਸਾਲ ਦੀ ਉੱਭਰਦੀ ਹੋਈ ਖਿਡਾਰਨ ਐਵਾਰਡ ਨਾਲ ਸਨਮਾਨਿਤ ਕੀਤੀ ਗਈ ਸੀ।


cherry

Content Editor

Related News