ਖੇਡ ਮੰਤਰਾਲਾ ਨੇ ਓਲੰਪਿਕ ਤੋਂ ਪਹਿਲਾਂ ਲਕਸ਼ੈ ਅਤੇ ਸਿੰਧੂ ਦੀ ਵਿਦੇਸ਼ ’ਚ ਟ੍ਰੇਨਿੰਗ ਨੂੰ ਦਿੱਤੀ ਮਨਜ਼ੂਰੀ

Friday, May 24, 2024 - 10:40 AM (IST)

ਖੇਡ ਮੰਤਰਾਲਾ ਨੇ ਓਲੰਪਿਕ ਤੋਂ ਪਹਿਲਾਂ ਲਕਸ਼ੈ ਅਤੇ ਸਿੰਧੂ ਦੀ ਵਿਦੇਸ਼ ’ਚ ਟ੍ਰੇਨਿੰਗ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅਤੇ ਪੀ. ਵੀ. ਸਿੰਧੂ ਓਲੰਪਿਕ ਦੀਆਂ ਤਿਆਰੀਆਂ ਲਈ ਕ੍ਰਮਵਾਰ ਫ੍ਰਾਂਸ ਅਤੇ ਜਰਮਨੀ ਵਿਚ ਸਿਖਲਾਈ ਲੈਣਗੇ। ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ ਦੋਵਾਂ ਖਿਡਾਰੀਆਂ ਲਈ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲਕਸ਼ੈ ਨੇ ਫ੍ਰਾਂਸ ਦੇ ਮਾਰਸੇਲ ’ਚ 12 ਦਿਨਾਂ ਦੇ ਸਿਖਲਾਈ ਸੈਸ਼ਨ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਸੀ। ਪੈਰਿਸ ’ਚ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਲਕਸ਼ੈ ਓਲੰਪਿਕ ਤੋਂ ਪਹਿਲਾਂ 8 ਤੋਂ 21 ਜੁਲਾਈ ਤੱਕ ਦਿ ਹੈਲੇ ਡੇਸ ਸਪੋਰਟਸ ਪਰਮੇਨਸ ’ਚ ਆਪਣੇ ਕੋਚ ਅਤੇ ਸਹਿਯੋਗੀ ਸਟਾਫ ਨਾਲ ਟ੍ਰੇਨਿੰਗ ਕਰਨਗੇ। ਸਿੰਧੂ ਦੀ ਪੇਸ਼ਕਸ਼ ਜਰਮਨੀ ਦੇ ਸਾਰਬਰੁਕਨ ’ਚ ਹਰਮਨ-ਨਿਊਬਰਗਰ ਸਪੋਰਟਸ ਸਕੂਲ ’ਚ ਸਿਖਲਾਈ ਲਈ ਸੀ। ਪੈਰਿਸ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਆਪਣੇ ਕੋਚ ਅਤੇ ਸਹਾਇਕ ਸਟਾਫ ਦੇ ਨਾਲ ਇਕ ਮਹੀਨੇ ਤੋਂ ਵੱਧ ਸਮੇਂ ਲਈ ਉੱਥੇ ਸਿਖਲਾਈ ਲਵੇਗੀ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ,‘ਮੰਤਰਾਲਾ ਨੇ ਮੰਤਰਾਲਾ ਦੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੋਪਸ) ਦੇ ਤਹਿਤ ਉਨ੍ਹਾਂ ਦੇ ਹਵਾਈ ਕਿਰਾਏ, ਰਿਹਾਇਸ਼ ਦੇ ਖਰਚੇ, ਸਥਾਨਕ ਟ੍ਰਾਂਸਪੋਰਟ ਫੀਸ, ਵੀਜ਼ਾ ਫੀਸ, ਸ਼ਟਲਕਾਕ ਖਰਚਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।’ ਬੈਠਕ ਦੌਰਾਨ ਐੱਮ. ਓ. ਸੀ. ਨੇ ਟੇਬਲ ਟੈਨਿਸ ਖਿਡਾਰਨ ਸ਼੍ਰੀਜਾ ਅਕੁਲਾ ਅਤੇ ਤੀਰਅੰਦਾਜ਼ ਤੀਸ਼ਾ ਪੂਨੀਆ ਨੂੰ ਸਾਜ਼ੋ-ਸਾਮਾਨ ਖਰੀਦਣ ਅਤੇ ਗੋਲਫਰ ਅਦਿਤੀ ਅਸ਼ੋਕ ਅਤੇ ਤੈਰਾਕ ਆਰੀਅਨ ਨਹਿਰਾ ਨੂੰ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲੈਣ ਲਈ ਸਹਾਇਤਾ ਦੀ ਅਪੀਲ ਨੂੰ ਵੀ ਮਨਜ਼ੂਰੀ ਦਿੱਤੀ।
ਐੱਮ. ਓ. ਸੀ. ਨੇ ਟੇਬਲ ਟੈਨਿਸ ਖਿਡਾਰੀ ਹਰਮੀਤ ਦੇਸਾਈ ਅਤੇ ਔਰਤਾਂ ਦੀ 4x400 ਰਿਲੇਅ ਟੀਮ ਨੂੰ ਟੋਪਸ ਕੋਰ ਗਰੁੱਪ ’ਚ ਸ਼ਾਮਲ ਕੀਤਾ ਅਤੇ ਪਹਿਲਵਾਨ ਨਿਸ਼ਾ (68) ਅਤੇ ਰਿਤਿਕਾ (76) ਨੂੰ ਕੋਰ ਗਰੁੱਪ ’ ਸ਼ਾਮਲ ਕਰਨ ਦੀ ਵੀ ਪ੍ਰਵਾਨਗੀ ਦਿੱਤੀ। ਐੱਮ. ਓ. ਸੀ. ਨੇ ਉੱਭਰਦੇ ਗੋਲਫਰ ਕਾਰਤਿਕ ਸਿੰਘ ਨੂੰ ਵੀ ਟੋਪਸ ਵਿਕਾਸ ਗਰੁੱਪ ’ਚ ਸ਼ਾਮਲ ਕੀਤਾ।


author

Aarti dhillon

Content Editor

Related News