ਖੇਡ ਮੰਤਰੀ ਨੇ ਖੇਲੋ ਇੰਡੀਆ ਯੋਜਨਾ ''ਚ ਵਿਸਥਾਰ ਲਈ PM ਮੋਦੀ ਦਾ ਕੀਤਾ ਧੰਨਵਾਦ
Thursday, Feb 03, 2022 - 10:26 AM (IST)
ਨਵੀਂ ਦਿੱਲੀ (ਭਾਸ਼ਾ) : ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖੇਲੋ ਇੰਡੀਆ ਯੋਜਨਾ ਵਿਚ 5 ਸਾਲ ਦੇ ਵਿਸਥਾਰ ਅਤੇ ਬਜਟ ਅਲਾਟਮੈਂਟ ਵਿਚ 48 ਫ਼ੀਸਦੀ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਵੱਡੀ ਸੰਖਿਆ ਵਿਚ ਲੋਕਾਂ ਦੀ ਨੁਮਾਇੰਦਗੀ ਕਰਨ ਅਤੇ ਖੇਡਾਂ ਵਿਚ ਉਤਮਤਾ ਨੂੰ ਉਤਸ਼ਾਹਿਤ ਕਰਨ ਲਈ ਦੋਹਰੇ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਨੇ ‘ਖੇਲੋ ਇੰਡੀਆ-ਖੇਡਾਂ ਦੇ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ’ ਯੋਜਨਾ ਨੂੰ 15ਵੇਂ ਵਿੱਤ ਕਮਿਸ਼ਨ ਦੌਰ (2021-22 ਤੋਂ 2025-26) ਵਿਚ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਈ 3 ਹਜ਼ਾਰ 165 ਕਰੋੜ 50 ਲੱਖ ਰੁਪਏ ਅਲਾਟ ਕੀਤੇ ਹਨ।
ਠਾਕੁਰ ਨੇ ਪੀ.ਆਈ.ਬੀ. ਦੇ ਇਕ ਬਿਆਨ ਵਿਚ ਕਿਹਾ, ‘ਖੇਲੋ ਇੰਡੀਆ ਯੋਜਨਾ ਵਿਚ 5 ਸਾਲ ਦੇ ਵਿਸਤਾਰ ਅਤੇ ਬਜਟ 2022 ਵਿਚ ਬਜਟ ਅਲਾਟਮੈਂਟ ਵਿਚ 48 ਫ਼ੀਸਦੀ ਦੇ ਵਾਧੇ ਨਾਲ ਇਸ ਨੂੰ ਰਾਸ਼ਟਰੀ ਪੱਧਰ ’ਤੇ ਮਹੱਤਵ ਦੇਣ ਅਤੇ ਇਸ ਨੂੰ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਵਿਚ ਸ਼ਾਮਲ ਕਰਨ ਲਈ ਮੰਤਰਾਲਾ ਅਤੇ ਸਾਰੇ ਹਿੱਤਧਾਰਕਾਂ ਵੱਲੋਂ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ।’ ਖੇਲੋ ਇੰਡੀਆ ਯੋਜਨਾ ਖੇਡ ਮੰਤਰਾਲਾ ਦੀ ਮੁੱਖ ਕੇਂਦਰੀ ਯੋਜਨਾ ਹੈ।