13000 ਖਿਡਾਰੀਆਂ ਤੇ ਕੋਚਾਂ ਨੂੰ ਮੈਡੀਕਲ ਬੀਮਾ ਦੇਵੇਗੀ ਸਰਕਾਰ

Friday, May 21, 2021 - 10:22 AM (IST)

13000 ਖਿਡਾਰੀਆਂ ਤੇ ਕੋਚਾਂ ਨੂੰ ਮੈਡੀਕਲ ਬੀਮਾ ਦੇਵੇਗੀ ਸਰਕਾਰ

ਸਪੋਰਟਸ ਡੈਸਕ- ਭਾਰਤ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਖਿਡਾਰੀਆਂ ਲਈ ਮੈਡੀਕਲ ਬੀਮਾ ਕਵਰੇਜ ਦਾ ਦਾਇਰਾ ਵਧਾਉਂਦੇ ਹੋਏ ਜ਼ਿਆਦਾ ਖਿਡਾਰੀਆਂ, ਐਗਰੀਮੈਂਟ ਕੋਚਾਂ ਤੇ ਸਹਿਯੋਗੀ ਸਟਾਫ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਵੀਰਵਾਰ ਨੂੰ ਕਿਹਾ ਕਿ ਇਸ ਫੈਸਲੇ ਨਾਲ 13 ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ, ਕੋਚਾਂ ਤੇ ਸਹਿਯੋਗੀ ਸਟਾਫ ਨੂੰ ਫਾਇਦਾ ਹੋਵੇਗਾ।

ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਅਸੀਂ ਇਹ ਪੱਕਾ ਕਰਨਾ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਤੇ ਐਗਰੀਮੈਂਟ ਸਟਾਫ ਨੂੰ ਇਸ ਮੁਸ਼ਕਲ ਸਮੇਂ 'ਚ ਸਿਹਤ ਕਵਰ ਮਿਲ ਸਕੇ। ਇਹ ਸਾਡੀ ਰਾਸ਼ਟਰੀ ਜਾਇਦਾਦ ਹੈ। ਰਾਸ਼ਟਰੀ ਕੈਂਪ 'ਚ ਸ਼ਾਮਲ ਸਾਰੇ ਖਿਡਾਰੀਆਂ, ਸੰਭਾਵਿਤ ਖਿਡਾਰੀ, ਖੇਲੋ ਇੰਡੀਆ ਖਿਡਾਰੀ ਤੇ ਦੇਸ਼ ਭਰ 'ਚ ਸਾਈ ਦੇ ਕੈਂਪ 'ਚ ਸ਼ਾਮਲ ਯੂਨੀਅਰ ਖਿਡਾਰੀਆਂ ਨੂੰ ਪੰਜ-ਪੰਜ ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਇਸ ਨਾਲ ਪਹਿਲਾਂ ਕਵਰੇਜ ਰਾਸ਼ਟਰੀ ਕੈਂਪਾਂ ਤਕ ਹੀ ਸੀਮਤ ਸੀ ਪਰ ਹੁਣ ਇਸ ਨੂੰ ਸਾਲ ਭਰ ਤਕ ਲਈ ਕਰ ਦਿੱਤਾ ਗਿਆ ਹੈ। ਇਕ ਅਧਿਕਾਰਿਕ ਸੂਤਰ ਨੇ ਕਿਹਾ ਕਿ ਇਹ ਨਵਾਂ ਹੈ ਕਿਉਂਕਿ ਇਸ ਨਾਲ ਪਹਿਲਾਂ ਸਾਰੇ ਐਗਰੀਮੈਂਟ ਕੋਚ ਤੇ ਸਟਾਫ ਇਸ ਦੇ ਦਾਇਰੇ 'ਚ ਨਹੀਂ ਸਨ। ਇਸ ਤੋਂ ਪਹਿਲਾਂ ਰਾਸ਼ਟਰੀ ਕੈਂਪ ਜਾਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਟੂਰਨਾਮੈਂਟ ਦੌਰਾਨ ਇਹ ਕਵਰੇਜ ਮਿਲਦੀ ਸੀ। ਮੈਡੀਕਲ ਬੀਮੇ 'ਚ 25 ਲੱਖ ਰੁਪਏ ਦੀ ਦੁਰਘਟਨਾ ਜਾਂ ਮੌਤ ਕਵਰੇਜ ਵੀ ਸ਼ਾਮਲ ਹੈ। ਸਾਈ ਨੇ ਰਾਸ਼ਟਰੀ ਖੇਡ ਮਹਾਸੰਘਾਂ ਤੋਂ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਨਾਂ ਬੀਮਾ ਯੋਜਨਾ ਲਈ ਤੈਅ ਕਰਨ ਨੂੰ ਕਿਹਾ ਹੈ।


author

Tarsem Singh

Content Editor

Related News