Sports 2020 : ਕ੍ਰਿਕਟ ਵਰਲਡ ਕੱਪ ਤੋਂ ਲੈ ਕੇ ਟੋਕੀਓ ਓਲੰਪਿਕ ਤਕ, ਭਾਰਤੀ ਖਿਡਾਰੀ ਜਲਵਾ ਦਿਖਾਉਣ ਲਈ ਤਿਆਰ

01/01/2020 2:27:16 PM

ਨਵੀਂ ਦਿੱਲੀ : ਨਵੇਂ ਸਾਲ 2020 ਦਾ ਸੂਰਜ ਭਾਰਤੀ ਖੇਡ ਜਗਤ ਲਈ ਨਵੀਆਂ ਉਮੀਦਾਂ ਅਤੇ ਚੁਣੌਤੀਆਂ ਲੈ ਕੇ ਆਇਆ ਹੈ। ਪਿਛਲੇ ਸਾਲ ਵਿਰਾਟ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ ਦਾ ਜਲਵਾ ਰਿਹਾ। ਐੱਮ. ਸੀ. ਮੈਰੀਕਾਮ, ਪੀ. ਵੀ. ਸਿੰਧੂ ਅਤੇ ਪੰਕਜ ਆਡਵਾਣੀ ਵਰਗੇ ਵਰਲਡ ਚੈਂਪੀਅਨ ਖਿਡਾਰੀਆਂ ਨੇ ਆਪਣੀ ਚਮਕ ਬਰਕਰਾਰ ਰੱਖੀ ਤਾਂ ਨਿਸ਼ਾਨੇਬਾਜ਼ ਮਨੂ ਭਾਕਰ, ਸੌਰਭ ਚੌਧਰੀ, ਮੁੱਕੇਬਾਜ਼ ਅਮਿਤ ਪੰਘਾਲ ਅਤੇ ਪਹਿਲਵਾਨ ਦੀਪਕ ਪੂਨੀਆ ਵਰਗੇ ਨੌਜਵਾਨ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਨਵੀਆਂ ਉਮੀਦਾਂ ਜਗਾਈਆਂ ਹਨ। ਇਸ ਸਾਲ ਟੋਕੀਓ ਵਿਚ ਖੇਡਾਂ ਦਾ ਮਹਾਕੁੰਭ ਓਲੰਪਿਕ 2020 ਹੋਣਾ ਹੈ, ਜਿੱਥੇ ਭਾਰਤੀ ਦਲ ਰੀਓ ਓਲੰਪਿਕ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡਣਾ ਚਾਹੇਗਾ। ਉੱਥੇ ਹੀ ਇਸ ਸਾਲ ਕ੍ਰਿਕਟ ਦਾ ਬੁਖਾਰ ਸਿਰ ਚੜ੍ਹ ਕੇ ਬੋਲਣ ਵਾਲਾ ਹੈ, ਕਿਉਂਕਿ ਅਕਤੂਬਰ-ਨਵੰਬਰ ਦਾ ਮਹੀਨਾ ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਦੇ ਨਾਂ ਰਹੇਗਾ। ਸਾਲ ਦੀ ਸ਼ੁਰੂਆਤ ਵਿਚ ਹੀ ਅੰਡਰ-19 ਕ੍ਰਿਕਟ ਵਰਲਡ ਕੱਪ ਹੋਣਾ ਹੈ। ਨਵੰਬਰ ਮਹੀਨੇ ਵਿਚ ਹੀ ਲੜਕੀਆਂ ਦਾ ਅੰਡਰ-17 ਫੀਫਾ ਵਰਲਡ ਕੱਪ ਦੇਸ਼ ਵਿਚ ਹੀ ਖੇਡਿਆ ਜਾਣਾ ਹੈ। ਕੁਸ਼ਤੀ ਦੀ ਏਸ਼ੀਆਈ ਚੈਂਪੀਅਨਸ਼ਿਪ, ਸ਼ੂਟਿੰਗ ਦਾ ਵਰਲਡ ਕੱਪ ਵੀ ਇਸ ਸਾਲ ਦੇਸ਼ ਵਿਚ ਆਯੋਜਿਤ ਹੋਣ ਜਾ ਰਿਹਾ ਹੈ।

ਨਵੇਂ ਸਾਲ 'ਤੇ ਭਾਰਤੀਆਂ ਨੂੰ ਇਨ੍ਹਾਂ ਚੁਣੌਤੀਆਂ ਦਾ ਕਰਨਾ ਪਵੇਗਾ ਸਾਹਮਣਾ :

ਕ੍ਰਿਕਟ ਟੀ-20 ਵਰਲਡ ਕੱਪ 2020
PunjabKesari

ਟੀਮ ਇੰਡੀਆ 2019 ਵਿਚ ਵਨ ਡੇ ਵਰਲਡ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਨਿਊਜ਼ੀਲੈਂਡ ਹੱਥੋਂ ਮਿਲੀ ਸੈਮੀਫਾਈਨਲ ਵਿਚ ਹਾਰ ਕਾਰਨ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਦੇਖਣੀ ਪਈ। ਹੁਣ ਭਾਰਤੀ ਕ੍ਰਿਕਟ ਟੀਮ ਆਪਣੀ ਉਸ ਹਾਰ ਨੂੰ ਭੁੱਲ ਕੇ ਨਵੇਂ ਸਾਲ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕਰਨਾ ਚਾਹੇਗੀ। 2020 'ਚ ਹੋਣ ਵਾਲੇ ਟੀ-20 ਵਰਲਡ ਕੱਪ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਟੀਮ ਇੰਡੀਆ ਨੂੰ ਹੀ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2007 ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਭਾਰਤੀ ਟੀਮ ਪਹਿਲਾ ਟੀ-20 ਵਰਲਡ ਕੱਪ ਜਿੱਤ ਚੁੱਕੀ ਹੈ।

ਉੱਥੇ ਹੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਵੀ ਦੱਖਣੀ ਅਫਰੀਕਾ ਵਿਚ 17 ਜਨਵਰੀ ਤੋਂ ਵਨ ਡੇ ਵਰਲਡ ਕੱਪ ਖੇਡਣਾ ਹੈ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਕੋਲ ਇਸ ਸਾਲ ਦੋਹਰਾ ਜਸ਼ਨ ਮਨਾਉਣ ਦਾ ਮੌਕਾ ਹੈ। ਦੱਸ ਦਈਏ ਕਿ ਸੀਨੀਅਰ ਕ੍ਰਿਕਟ ਇਸ ਸਾਲ ਕੋਈ ਵਾ ਟੈਸਟ ਮੈਚ ਨਹੀਂ ਖੇਡੇਗੀ। ਜਨਵਰੀ ਮਹੀਨੇ ਵਿਚ ਉਸ ਨੂੰ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ ਤਾਂ ਸਾਲ ਦੇ ਆਖਿਰ ਵਿਚ ਆਸਟਰੇਲੀਆ ਨਾਲ ਖੇਡਣਾ ਹੈ। ਸਤੰਬਰ ਵਿਚ ਏਸ਼ੀਆ ਕੱਪ ਹੈ ਜਿਸ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਹੈ, ਜੋ ਕਿ ਯੂ. ਏ. ਈ. ਖੇਡਿਆ ਜਾਵੇਗਾ।

ਰੀਓ ਓਲੰਪਿਕ ਦੀ ਅਸਫਲਤਾ ਤੋਂ ਬਾਅਦ ਹੁਣ ਟੋਕੀਓ ਵਿਚ ਝੰਡੇ ਗੱਡਣ ਦੀ ਵਾਰੀ
PunjabKesari

ਵਿਅਕਤੀਗਤ ਖੇਡਾਂ ਦੀ ਗੱਲ ਕਰੀਏ ਤਾਂ ਸ਼ੂਟਿੰਗ ਓਲੰਪਿਕ ਵਿਚ ਭਾਰਤ ਦੀ ਸਭ ਤੋਂ ਸਫਲ ਖੇਡ ਹੈ ਪਰ 2016 ਰੀਓ ਓਲੰਪਿਕ ਵਿਚ ਨਿਸ਼ਾਨੇਬਾਜ਼ਾਂ ਦੀ ਅਸਫਲਤਾ ਨੇ ਹਰ ਭਾਰਤੀਆਂ ਦਾ ਦਿਲ ਤੋੜਿਆ ਸੀ। ਇਸ ਵਾਰ ਟੋਕੀਓ ਓਲੰਪਿਕ ਲਈ ਰਿਕਾਰਡ 15 ਓਲੰਪਿਕ ਕੋਟੇ ਭਾਰਤੀ ਸ਼ੂਟਰਾਂ ਨੇ ਹਾਸਲ ਕੀਤੇ ਹਨ। ਸੌਰਭ ਚੌਧਰੀ, ਮਨੂ ਭਾਕਰ, ਅਪੂਰਵੀ ਚੰਦੇਲਾ ਵਰਗੇ ਸ਼ੂਟਰਾਂ ਨੇ ਵਰਲਡ ਰਿਕਾਰਡਜ਼ ਨੂੰ ਤੋੜਿਆ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੂਟਰਾਂ ਤੋਂ ਓਲੰਪਿਕ ਵਿਚ ਤਮਗਿਆਂ ਦੀ ਉਮੀਦ ਕੀਤੀ ਜਾ ਰਹੀ ਹੈ।

ਕੁਸ਼ਤੀ 'ਚ ਵੀ ਹੈ ਸੋਨ ਤਮਗੇ ਦੇ ਦਾਅਵੇਦਾਰ
PunjabKesari

ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਭਾਰਤੀ ਪਹਿਲਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਟੋਕੀਓ ਓਲੰਪਿਕ ਵਿਚ ਵੀ ਭਾਰਤੀ ਪਹਿਲਵਾਨਾਂ ਤੋਂ ਤਮਗਿਆਂ ਦੀ ਉਮੀਦ ਕੀਤੀ ਜਾ ਰਹੀ ਹੈ। ਰੀਓ ਓਲੰਪਿਕ ਵਿਚ ਦੇਸ਼ ਦੇ ਹਿੱਸੇ ਆਏ 2 ਤਮਗਿਆਂ ਵਿਚੋਂ ਇਕ ਕਾਂਸੀ ਤਮਗਾ ਸਾਕਸ਼ੀ ਮਲਿਕ ਦੇ ਨਾਂ ਰਿਹਾ ਸੀ। ਬੀਜਿੰਗ ਅਤੇ ਲੰਡਨ ਓਲੰਪਿਕ ਵਿਚ ਵੀ ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਨੇ ਇਸ ਖੇਡ ਵਿਚ ਦੇਸ਼ ਨੂੰ ਤਮਗੇ ਦਿਵਾਏ। ਇਸ ਵਾਰ ਵੀ ਬਜਰੰਗ, ਵਿਨੇਸ਼ ਫੋਗਟ, ਦੀਪਕ ਪੂਨੀਆ, ਰਵੀ ਕੁਮਾਰ ਵਰਗੇ ਪਹਿਲਵਾਨ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।

ਪੀ. ਵੀ. ਸਿੰਧੂ ਹੈ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰ
PunjabKesari

ਰੀਓ ਓਲੰਪਿਕ ਵਿਚ ਪੀ. ਵੀ. ਸਿੰਧੂ ਨੇ ਚਾਂਦੀ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। 2019 ਵਿਚ ਉਹ ਪਹਿਲੀ ਵਾਰ ਵਰਲਡ ਕੱਪ ਚੈਂਪੀਅਨ ਬਣੀ। ਸਹੀ ਮਾਇਨੇ 'ਚ ਉਹ ਬੈਡਮਿੰਟਨ ਵਿਚ ਦੇਸ਼ ਦੀ ਪਹਿਲੀ ਵਰਲਡ ਚੈਂਪੀਅਨ ਹੈ। ਹਾਲਾਂਕਿ ਇਸ ਤੋਂ ਬਾਅਦ ਉਸ ਦਾ ਪ੍ਰਦਰਸ਼ਨ ਖਰਾਬ ਹੁੰਦਾ ਰਿਹਾ ਪਰ ਮੰਨਿਆ ਜਾਂਦਾ ਰਿਹਾ ਕਿ ਮੁੱਖ ਟੂਰਨਾਮੈਂਟ ਤੋਂ ਪਹਿਲਾਂ ਸਿੰਧੂ ਅਚਾਨਕ ਆਪਣੀ ਖੇਡ ਵਿਚ ਜ਼ਬਰਦਸਤ ਬਦਲਾਅ ਲਿਆਉਂਦੀ ਹੈ। ਇਹੀ ਕਾਰਨ ਹੈ ਕਿ ਇਸ ਸਾਲ ਪ੍ਰਸ਼ੰਸਕਾਂ ਨੂੰ ਪੀ. ਵੀ. ਸਿੰਧੂ ਤੋਂ ਓਲੰਪਿਕ ਵਿਚ ਸੋਨ ਤਮਗੇ ਦੀਆਂ ਉਮੀਦਾਂ ਹਨ। ਉੱਥੇ ਹੀ ਸਾਇਨਾ ਨੇਹਵਾਲ ਨੂੰ ਨਾ ਸਿਰਫ ਰੈਂਕਿੰਗ 'ਚ ਨੁਕਸਾਨ ਹੋਇਆ ਸਗੋਂ ਉਸਦਾ ਪ੍ਰਦਰਸ਼ਨ ਵੀ ਲਗਾਤਾਰ ਖਰਾਬ ਹੁੰਦਾ ਰਿਹਾ। ਸਾਇਨਾ ਤੋਂ ਇਲਾਵਾ ਸ਼੍ਰੀਕਾਂਤ, ਸਾਈ ਪ੍ਰਣੀਤ, ਸਮੀਰ ਵਰਮਾ ਅਤੇ ਡਬਲਜ਼ ਵਿਚ ਚਿਰਾਗ ਸ਼ੈੱਟੀ-ਸਾਤਵਿਕਸੇਰਾਜ ਰੈਂਕੀ ਰੈੱਡੀ ਓਲੰਪਿਕ ਕੁਆਲੀਫਾਈ ਕਰਨ ਦੀ ਕੋਸ਼ਿਸ਼ 'ਚ ਹਨ।

2019 ਰਿਹਾ ਮੁੱਕੇਬਾਜ਼ਾਂ ਦੇ ਨਾਂ
PunjabKesari

ਪਿਛਲਾ ਸਾਲ 2019 ਮੁੱਕੇਬਾਜ਼ਾਂ ਲਈ ਕਾਫੀ ਚੰਗਾ ਰਿਹਾ। ਹੁਣ ਅਸਲੀ ਇਮਤਿਹਾਨ ਇਸ ਸਾਲ ਸ਼ੁਰੂ ਹੋਣਾ ਹੈ। ਮੁੱਕੇਬਾਜ਼ੀ ਦੇ ਓਲੰਪਿਕ ਕੁਆਲੀਫਾਈਂਗ ਜਨਵਰੀ ਤੋਂ ਅਪ੍ਰੈਲ ਤਕ ਖੇਡੇ ਜਾਣਗੇ। ਮਹਿਲਾਵਾਂ ਵਿਚ ਜਿੱਥੇ ਐੱਮ. ਸੀ. ਮੈਰੀਕਾਮ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ 69 ਕਿ.ਗ੍ਰਾ ਵਿਚ ਲੋਵਲੀਨਾ, 60 ਕਿ.ਗ੍ਰਾ ਵਿਚ ਸਿਮਰਨਜੀਤ ਕੌਰ, ਸਰਿਤਾ ਦੇਵੀ ਓਲੰਪਿਕ ਕੁਆਲੀਫਾਈ ਕਰਨ ਦੀ ਦੌੜ ਵਿਚ ਹੈ। ਮਰਦਾਂ ਵਿਚ ਏਸ਼ੀਅਨ ਖੇਡਾਂ 'ਚ ਸੋਨ ਤਮਗਾ ਜੇਤੂ ਅਮਿਤ ਪੰਘਾਲ ਦੇਸ਼ ਦੀ ਸਭ ਤੋਂ ਵੱਡੀ ਉਮੀਦ ਹੈ। 52 ਕਿ.ਗ੍ਰਾ ਵਿਚ ਖੇਡਣ ਵਾਲੇ ਅਮਿਤ ਤੋਂ ਇਲਾਵਾ ਸ਼ਿਵਾ ਥਾਪਾ, ਮਨੀਸ਼ ਕੌਸ਼ਿਕ, ਵਿਕਾਸ ਕ੍ਰਿਸ਼ਣ ਵੀ ਓਲੰਪਿਕ ਕੁਆਲੀਫਾਈ ਕਰਨ ਦੇ ਸਭ ਤੋਂ ਵੱਡੇ ਦਾਅਵੇਦਾਰ ਹਨ।


Related News