Sport''s Wrap up 6 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Wednesday, Feb 06, 2019 - 10:29 PM (IST)
ਸਪੋਰਟਸ ਡੈੱਕਸ— ਨਿਊਜ਼ੀਲੈਂਡ ਨੇ ਭਾਰਤ ਨੂੰ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ 80 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਨਿਊਜ਼ੀਲੈਂਡ ਨੇ 23 ਦੌੜਾਂ ਨਾਲ ਹਰਾ ਦਿੱਤਾ। ਸਾਬਕਾ ਪਾਕਿ ਕ੍ਰਿਕਟਰ ਕਾਦਿਰ ਨੇ ਕਿਹਾ- ਕੋਹਲੀ ਤੇ ਇਮਰਾਨ 'ਚ ਕਾਫੀ ਸਮਾਨਤਾਵਾਂ ਹਨ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
1st T-20 : ਨਿਊਜ਼ੀਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੂੰ 80 ਦੌੜਾਂ ਨਾਲ ਹਰਾਇਆ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਨਿਊਜ਼ੀਲੈਂਡ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ ਓਪਨਰ ਟਿਮ ਸੇਫਰਟ ਦੀ 84 ਦੌੜਾਂ ਦੀ ਤੂਫਾਨੀ ਪਾਰੀ ਨਾਲ 6 ਵਿਕਟ 'ਤੇ 219 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਿਸ ਦੇ ਜਵਾਬ 'ਚ ਭਾਰਤੀ ਟੀਮ 19.2 ਓਵਰ 'ਚ 139 ਦੌੜਾਂ ਨਾਲ ਢੇਰ ਹੋ ਗਈ।
ਮਹਿਲਾ ਕ੍ਰਿਕਟ : ਪਹਿਲੇ ਟੀ-20 ਮੁਕਾਬਲੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਭਾਰਤ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਵੇਲਿੰਗਟਨ ਦੇ ਵੈਸਟਪੈਕ ਮੈਦਾਨ ਵਿਚ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ 20 ਓਵਰਾਂ ਵਿਚ 159 ਦੌੜਾਂ ਬਣਾਈਆਂ ਸੀ।
ਸਾਬਕਾ ਪਾਕਿ ਕ੍ਰਿਕਟਰ ਕਾਦਿਰ ਨੇ ਕਿਹਾ- ਕੋਹਲੀ ਤੇ ਇਮਰਾਨ 'ਚ ਕਾਫੀ ਸਮਾਨਤਾਵਾਂ

ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਅਬਦੁਲ ਕਾਦਿਰ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖਾਨ ਵਿਚਾਲੇ ਕਾਫੀ ਸਮਾਨਤਾਵਾਂ ਨਜ਼ਰ ਆ ਰਹੀਆਂ ਹਨ।ਕਾਦਿਰ ਨੇ ਮੰਗਲਵਾਰ ਦੀ ਰਾਤ ਇਕ ਟੀ.ਵੀ. ਸ਼ੋਅ 'ਤੇ ਕਿਹਾ, ''ਜੇਕਰ ਵਿਰਾਟ ਕੋਹਲੀ ਨੂੰ ਬਤੌਰ ਬੱਲੇਬਾਜ਼ ਜਾਂ ਕਪਤਾਨ ਦੇਖਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਉਹ ਇਮਰਾਨ ਦੀ ਤਰ੍ਹਾਂ ਹੈ। ਇਮਰਾਨ ਵੀ ਆਪਣੀ ਮਿਸਾਲ ਪੇਸ਼ ਕਰਦਾ ਸੀ ਤਾਂ ਜੋ ਦੂਜੇ ਉਸ ਦੇ ਨਕਸ਼ੇ ਕਦਮ 'ਤੇ ਚੱਲਣ।
ਜਦੋਂ 10 ਦੌੜਾਂ 'ਤੇ ਆਲਆਊਟ ਹੋਈ ਆਸਟਰੇਲੀਆ ਦੀ ਇਹ ਟੀਮ

ਆਸਟਰੇਲੀਆ ਵਿਚ ਰਾਸ਼ਟਰੀ ਘਰੇਲੂ ਕ੍ਰਿਕਟ ਚੈਂਪੀਅਨਸ਼ਿਪ ਦੌਰਾਨ ਮਹਿਲਾ ਟੀਮ ਸਿਰਫ 10 ਦੌੜਾਂ 'ਤੇ ਆਊਟ ਹੋ ਗਈ, ਜਿਸ ਵਿਚ ਜ਼ਿਆਦਾਤਰ ਦੌੜਾਂ ਫਾਲਤੂ (ਐਕਸਟਰਾ) ਸੀ। ਸਾਊਥ ਆਸਟਰੇਲੀਆ ਦੀ ਪੂਰੀ ਟੀਮ ਐਲਿਸ ਸਪ੍ਰਿੰਗਸ ਵਿਚ ਚਲ ਰਹੀ ਚੈਂਪੀਅਨਸ਼ਿਪ ਦੌਰਾਨ ਨਿਊ ਸਾਊਥਵੇਲਸ ਖਿਲਾਫ 10 ਦੌੜਾਂ ਹੀ ਬਣਾ ਸਕੀ।
ਮੌਜੂਦਾ ਸਮੇਂ ਭਾਰਤ, ਇੰਗਲੈਂਡ ਤੇ ਆਸਟਰੇਲੀਆ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ : ਵਾਰਨ

ਕ੍ਰਿਕਟ ਦੇ ਧਾਕੜ ਲੈਗ ਸਪਿਨਰ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਇੰਗਲੈਂਡ ਅਤੇ ਮੌਜੂਦਾ ਚੈਂਪੀਅਨ ਆਸਟਰੇਲੀਆ ਦੇ ਨਾਲ-ਨਾਲ ਭਾਰਤ ਵੀ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਦਾਅਵੇਦਾਰਾਂ ਵਿਚੋਂ ਇਕ ਹੈ। ਵਾਰਨ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਲਿਖਿਆ, ''ਮੈਨੂੰ ਅਸਲ 'ਚ ਵਿਸ਼ਵਾਸ ਹੈ ਕਿ ਆਸਟਰੇਲੀਆ ਫਿਰ ਤੋਂ ਵਿਸ਼ਵ ਕੱਪ ਜਿੱਤ ਸਕਦਾ ਹੈ। ਮੈਨੂੰ ਲਗਦਾ ਹੈ ਕਿ ਇੰਗਲੈਂਡ ਅਤੇ ਭਾਰਤ ਵੀ ਇਸਦੇ ਦਾਅਵੇਦਾਰ ਹਨ।''
ਹਰਿਆਣਾ ਦੇ ਪੈਰਾ ਐਥਲੀਟਾਂ ਨੇ ਮੁੱਖ ਮੰਤਰੀ ਤੋਂ ਲਿਆ ਨੌਕਰੀ ਦਾ ਭਰੋਸਾ

ਪੈਰਾਲੰਪਿਕ ਚਾਂਦੀ ਤਮਗਾ ਜੇਤੂ ਦੀਪਾ ਮਲਿਕ ਸਮੇਤ ਕਈ ਪੈਰਾ ਐਥਲੀਟਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਐੱਮ. ਐੱਲ. ਖੱਟਰ ਨਾਲ ਮਿਲ ਕੇ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਕੀਤੇ ਨੌਕਰੀ ਦੇਣ ਦੇ ਵਾਦਿਆਂ 'ਤੇ ਭਰੋਸਾ ਮੰਗਿਆ। ਮਲਿਕ ਨੇ ਰਿਓ ਵਿਚ ਮਹਿਲਾਵਾਂ ਦੀ ਸ਼ਾਟਪੁੱਟ ਮੁਕਾਬਲੇ ਵਿਚ ਤਮਗਾ ਜਿੱਤਿਆ ਸੀ। ਉਸ ਦੇ ਨਾਲ ਏਸ਼ੀਆਈ ਪੈਰਾ ਖੇਡਾਂ ਦੇ ਸੋਨ ਤਮਗਾ ਚੱਕਾ ਸੁੱਟ ਖਿਡਾਰੀ ਅਮਿਤ ਸਰੋਹਾ ਵੀ ਸੀ।
ਆਡਵਾਨੀ ਅਤੇ ਮਹਿਤਾ ਜਿੱਤੇ ਰਾਸ਼ਟਰੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ

ਦਿੱਗਜ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਮੰਗਲਵਾਰ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੀਨੀਅਰ ਪੁਰਸ਼ ਸਨੂਕਰ ਵਰਗ ਦੇ ਪਹਿਲੇ ਦੌਰ 'ਚ ਮਹਾਰਾਸ਼ਟਰ ਦੇ ਮੁਕੁੰਦ ਵਹਾਡੀਆ ਨੂੰ 4-0 ਨਾਲ ਹਰਾਇਆ। ਪੈਟਰੋਲ ਖੇਡ ਸੰਵਰਧਨ ਬੋਰਡ (ਪੀ.ਐੱਸ.ਪੀ.ਬੀ.) ਦੇ ਆਡਵਾਨੀ ਨੂੰ ਮੁਕੁੰਦ ਖਿਲਾਫ ਜਿੱਤ ਦਰਜ ਕਰਨ 'ਚ ਬਿਲਕੁਲ ਵੀ ਪਸੀਨਾ ਨਹੀਂ ਵਹਾਉਣਾ ਪਿਆ।
ਵਿਦਰਭ ਮੁੜ ਚੈਂਪੀਅਨ ਬਣਨ ਤੋਂ 5 ਵਿਕਟਾਂ ਦੂਰ

ਖੱਬੇ ਹੱਥ ਦੇ ਸਪਿਨਰ ਆਦਿੱਤਯ ਸਰਵਟੇ (13 ਦੌੜਾਂ 'ਤੇ 3 ਵਿਕਟਾਂ) ਦੀ ਇਕ ਹੋਰ ਖਤਰਨਾਕ ਗੇਂਦਬਾਜ਼ੀ ਨਾਲ ਪਿਛਲਾ ਚੈਂਪੀਅਨ ਵਿਦਰਭ ਰਣਜੀ ਟਰਾਫੀ ਫਾਈਨਲ ਵਿਚ ਆਪਣਾ ਖਿਤਾਬ ਬਚਾਉਣ ਤੋਂ 5 ਵਿਕਟਾਂ ਦੂਰ ਰਹਿ ਗਿਆ ਹੈ।
ਤੈਰਾਕ ਮਿਨਾਕਸ਼ੀ ਤੀਜੀ ਵਾਰ ਲਿਮਕਾ ਬੁੱਕ ਆਫ ਰਿਕਾਰਡਸ ਵਿਚ

ਲੰਬੀ ਦੂਰੀ ਦੀ ਭਾਰਤੀ ਤੈਰਾਕ ਮੀਨਾਕਸ਼ੀ ਪਾਹੁਜਾ ਨੇ ਤੀਜੀ ਵਾਰ ਲਿਮਕਾ ਬੁੱਕ ਆਫ ਰਿਕਾਰਡਸ ਵਿਚ ਆਪਣਾ ਨਾਂ ਦਰਜ ਕਰਾਉਣ ਦੀ ਬੇਮਿਸਾਲ ਉਪਲੱਬਧੀ ਹਾਸਲ ਕਰ ਲਈ ਹੈ। 42 ਸਾਲਾ ਪਾਹੁਜਾ ਨੇ ਲੇਕ ਕਾਨਸਟੈਂਸ ਨੂੰ ਸਫਲਤਾਪੂਰਵਕ ਪਾਰ ਕਰਨ ਤੋਂ ਬਾਅਦ ਇਹ ਉਪਲੱਬਧੀ ਹਾਸਲ ਕੀਤੀ। ਉਸ ਨੇ ਜਰਮਨੀ ਦੇ ਫ੍ਰੇਰਿਚਸ਼ਾਫੀਨ ਨਾਲ ਸਵਿਜ਼ਰਲੈਂਡ ਦੇ ਰੋਮਨਸ਼ਾਰਨ ਤੱਕ 11.6 ਕਿ. ਮੀ. ਦੀ ਦੂਰੀ ਨੂੰ 5 ਘੰਟੇ 18 ਮਿੰਟ 23 ਸੈਕੰਡ ਵਿਚ ਪੂਰਾ ਕੀਤਾ।
ਰੋਹਿਤ ਦੀ ਕਪਤਾਨੀ 'ਚ ਭਾਰਤੀ ਟੀਮ ਦੇ ਨਾਂ ਦਰਜ ਹੋਇਆ ਇਹ ਸ਼ਰਮਨਾਕ ਰਿਕਾਰਡ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦਾ ਪਹਿਲਾ ਮੁਕਾਬਲਾ ਵੇਲਿੰਗਟਨ 'ਚ ਖੇਡਿਆ ਗਿਆ ਜਿਸ 'ਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨਿਊਜ਼ੀਲੈਂਡ ਵਲੋਂ ਮਿਲੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 139 ਦੌੜਾਂ 'ਤੇ ਆਲਆਊਟ ਹੋ ਗਈ, ਜਿਸ ਤੋਂ ਬਾਅਦ ਭਾਰਤ ਨੇ ਇਕ ਸ਼ਰਮਨਾਕ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ।
