ਸਪਿਨਰਾਂ ਤੇ ਕਪਤਾਨ ਹਰਮਨਪ੍ਰੀਤ ਨੇ ਦਿਵਾਈ ਭਾਰਤ ਨੂੰ ਬੰਗਲਾਦੇਸ਼ ’ਤੇ ਆਸਾਨ ਜਿੱਤ

07/10/2023 11:06:32 AM

ਮੀਰਪੁਰ (ਭਾਸ਼ਾ)– ਕਪਤਾਨ ਹਰਮਨਪ੍ਰੀਤ ਕੌਰ ਨੇ ਨਵੇਂ ਕੌਮਾਂਤਰੀ ਸੈਸ਼ਨ ਦੀ ਸ਼ੁਰੂਆਤ ਅਰਧ ਸੈਂਕੜਾ (ਅਜੇਤੂ 54) ਲਾ ਕੇ ਕੀਤੀ, ਜਿਸ ਨਾਲ ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਮੈਚ ’ਚ ਬੰਗਲਾਦੇਸ਼ ’ਤੇ 7 ਵਿਕਟਾਂ ਦੀ ਆਸਾਨ ਜਿੱਤ ਦਰਜ ਕਰਕੇ 3 ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ। ਭਾਰਤੀ ਸਪਿਨਰਾਂ ਨੇ ਹਾਲਾਤ ਦਾ ਪੂਰਾ ਫਾਇਦਾ ਚੁੱਕਦੇ ਹੋਏ ਬੰਗਲਾਦੇਸ਼ ਨੂੰ 5 ਵਿਕਟਾਂ ’ਤੇ 114 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਤੋਂ ਬਾਅਦ ਹਰਮਨਪ੍ਰੀਤ (35 ਗੇਂਦਾਂ, 6 ਚੌਕੇ ਤੇ 2 ਛੱਕੇ) ਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ (34 ਗੇਂਦਾਂ ’ਚ 38 ਦੌੜਾਂ) ਨੇ ਤੀਜੀ ਵਿਕਟ ਲਈ 70 ਦੌੜਾਂ ਜੋੜ ਕੇ ਟੀਚਾ 16.2 ਓਵਰਾਂ ਵਿਚ ਹੀ ਹਾਸਲ ਕਰ ਲਿਆ। ਹਰਮਨਪ੍ਰੀਤ ਨੇ ਦੋ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਿਆ, ਜਿਹੜੇ ਉਸ ਨੂੰ ਖੱਬੇ ਹੱਥ ਦੀ ਸਪਿਨਰ ਨਾਹਿਦਾ ਅਖਤਰ ਦੀ ਗੇਂਦਬਾਜ਼ੀ ਵਿਚ ਮਿਲੇ। ਮੰਧਾਨਾ ਨੇ ਵੀ ਆਪਣੀ ਪਾਰੀ ਦੌਰਾਨ 5 ਚੌਕੇ ਲਗਾਏ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਸਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੱਲੇਬਾਜ਼ਾਂ ਨੂੰ ਇਹ ਆਸਾਨ ਟੀਚਾ ਹਾਸਲ ਕਰਨ ਵਿਚ ਬਿਲਕੁਲ ਵੀ ਪਸੀਨਾ ਨਹੀਂ ਵਹਾਉਣਾ ਪਿਆ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਹਾਲਾਂਕਿ ਆਪਣੇ ਖਰਾਬ ਫੁੱਟਵਰਕ ਦੇ ਕਾਰਨ ਐੱਲ. ਬੀ. ਡਬਲਯੂ. ਆਊਟ ਹੋਈ। ਜੇਮਿਮਾ ਰੋਡ੍ਰਿਗੇਜ਼ (11) ਸੁਲਤਾਨਾ ਖਾਤੂਨ ਦੀ ਆਫ ਬ੍ਰੇਕ ਗੇਂਦ ’ਤੇ ਬੋਲਡ ਹੋਈ, ਜਿਸ ਤੋਂ ਬਾਅਦ ਹਰਮਨਪ੍ਰੀਤ ਤੇ ਮੰਧਾਨਾ ਨੇ ਟੀਮ ਨੂੰ ਆਸਾਨ ਜਿੱਤ ਵੱਲ ਵਧਾਇਆ। ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਯਸਤਿਕਾ ਭਾਟੀਆ ਕ੍ਰੀਜ਼ ’ਤੇ ਉਤਰੀ, ਜਿਸ ਨੇ ਅਜੇਤੂ 9 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤਜਰਬੇਕਾਰ ਦੀਪਤੀ ਸ਼ਰਮਾ (4 ਓਵਰਾਂ ਵਿਚ 14 ਦੌੜਾਂ) ਦੀ ਅਗਵਾਈ ਵਾਲੇ ਸਪਿਨ ਹਮਲੇ ਨੇ ਕਪਤਾਨ ਹਰਮਨਪ੍ਰੀਤ ਕੌਰ ਦੀ ਯੋਜਨਾ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਮੈਦਾਨ ’ਤੇ ਉਤਾਰਿਆ। ਸਪਿਨ ਵਿਭਾਗ ਵਿਚ ਅਨੁਸ਼ਾ ਬਾਰੇਡੀ (4 ਓਵਰਾਂ ’ਚ 24 ਦੌੜਾਂ) ਤੇ ਮੀਨੂ ਮਣੀ (3 ਓਵਰਾਂ ਵਿਚ 21 ਦੌੜਾਂ ਦੇ ਕੇ ਇਕ ਵਿਕਟ) ਨੇ ਉਸਦਾ ਬੂਖਾਬੀ ਸਾਥ ਨਿਭਾਇਆ। ਬੰਗਲਾਦੇਸ਼ ਦੀ ਟਾਪ ਸਕੋਰਰ ਸੋਰਨਾ ਅਖਤਰ (28 ਗੇਂਦਾਂ ’ਚ 28 ਦੌੜਾਂ) ਵਲੋਂ ਲਗਾਇਆ ਗਿਆ ਇਕ ਛੱਕਾ ਛੱਡ ਦਿੱਤਾ ਜਾਵੇ ਤਾਂ ਲੈੱਗ ਸਪਿਨਰ ਸ਼ੈਫਾਲੀ ਵਰਮਾ (3 ਓਵਰਾਂ ’ਚ 18 ਦੌੜਾਂ ਦੇ ਕੇ 1 ਵਿਕਟ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ।

ਬੰਗਲਾਦੇਸ਼ ਦੀਆਂ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਦੀ ਰਣਨੀਤੀ ਤੋਂ ਕਾਫੀ ਮੁਸ਼ਕਿਲ ਹੋਈ। ਡੈਬਿਊ ਕਰ ਰਹੀ ਮਣੀ ਨੇ ਆਪਣੀ ਪਹਿਲੀ ਵਿਕਟ ਸ਼ਮੀਮਾ ਸੁਲਤਾਨਾ (17) ਦੇ ਰੂਪ ਵਿਚ ਲਈ, ਜਿਹੜੀ ਸਵੀਪ ਕਰਨ ਦੀ ਕੋਸ਼ਿਸ਼ ’ਚ ਜੇਮਿਮਾ ਰੋਡ੍ਰਿਗੇਜ਼ ਨੂੰ ਸਕੁਐਰ ਲੈੱਗ ’ਤੇ ਕੈਚ ਦੇ ਬੈਠੀ। ਪੂਜਾ ਵਸਤਾਰਕਰ ਨੇ ਫਿਰ ਸ਼ਾਥੀ ਰਾਣੀ (22) ਨੂੰ ਸ਼ਾਟ ਗੇਂਦ ’ਤੇ ਆਊਟ ਕੀਤਾ। ਤਜਰਬੇਕਾਰ ਨਿਗਾਰ ਸੁਲਤਾਨਾ (2) ਰਨ ਆਊਟ ਹੋਈ। ਫਿਰ ਸ਼ੈਫਾਲੀ ਨੇ ਸ਼ੋਭਨਾ ਮੋਸਤਰੀ (33 ਗੇਂਦਾਂ ’ਚ 23 ਦੌੜਾਂ) ਦੀ ਵਿਕਟ ਲਈ। ਬੰਗਲਾਦੇਸ਼ ਨੇ 62 ਖਾਲੀ ਗੇਂਦਾਂ ਖੇਡੀਆਂ ਜਿਹੜੀਆਂ ਉਸਦੀ ਅੱਧੀ ਪਾਰੀ ਤੋਂ ਵੀ ਵੱਧ ਹਨ। ਉਸਦੀ ਪਾਰੀ ਵਿਚ 8 ਚੌਕੇ ਤੇ 3 ਛੱਕੇ ਲੱਗੇ। ਇਸ ਵਿਚੋਂ ਦੋ ਸੋਰਨਾ ਨੇ ਲਗਾਏ, ਜਿਸ ਨਾਲ ਟੀਮ 100 ਦੌੜਾਂ ਦਾ ਅੰਕੜਾ ਪਾਰ ਕਰਨ ਵਿਚ ਸਫਲ ਰਹੀ।


cherry

Content Editor

Related News