ਸਪੇਨ ਦੇ ਰੋਡ੍ਰੀ ਤੇ ਬੋਨਮਾਤੀ ਨੇ ਸਰਵਸ੍ਰੇਸ਼ਠ ਪੁਰਸ਼ ਤੇ ਮਹਿਲਾ ਖਿਡਾਰੀ ਦਾ ਬੈਲਨ ਡੀ ਓਰ ਖਿਤਾਬ ਜਿੱਤਿਆ
Wednesday, Oct 30, 2024 - 12:20 PM (IST)
ਪੈਰਿਸ, (ਭਾਸ਼ਾ)– ਸਪੇਨ ਦੇ ਮਿਡਫੀਲਡਰ ਰੋਡ੍ਰੀ ਤੇ ਏਤਾਨਾ ਬੋਨਮਾਤੀ ਨੇ ਦੁਨੀਆ ਦੇ ਸਰਵਸ੍ਰੇਸ਼ਠ ਫੁੱਟਬਾਲ ਖਿਡਾਰੀ ਦਾ ਪੁਰਸ਼ ਤੇ ਮਹਿਲਾ ਬੈਲਨ ਡੀ ਓਰ ਐਵਾਰਡ ਜਿੱਤ ਲਿਆ। ਰੋਡ੍ਰੀ ਨੇ ਪਹਿਲੀ ਵਾਰ ਇਸ ਵੱਕਾਰੀ ਐਵਾਰਡ ਨੂੰ ਆਪਣੇ ਨਾਂ ਕੀਤਾ। ਇਸ 28 ਸਾਲਾ ਖਿਡਾਰੀ ਨੇ ਮਾਨਚੈਸਟਰ ਸਿਟੀ ਨੂੰ ਪ੍ਰੀਮੀਅਰ ਲੀਗ ਚੈਂਪੀਅਨ ਬਣਾਉਣ ਦੇ ਨਾਲ ਸਪੇਨ ਦੇ ਜੇਤੂ ਅਰਜਨਟੀਨਾ ਦੇ ਲਿਓਨਿਲ ਮੈਸੀ ਦਾ ਸਥਾਨ ਲਿਆ। ਇਸ ਐਵਾਰਡ ਦੇ ਸਾਬਕਾ ਜੇਤੂ ਜਾਰਜ ਵੀਹ ਨੇ ਜਦੋਂ ਰੋਡ੍ਰੀ ਦੇ ਨਾਂ ਦਾ ਐਲਾਨ ਕੀਤਾ ਤਾਂ ਇਸ ਖਿਡਾਰੀ ਨੇ ਆਪਣੇ ਚਿਹਰੇ ’ਤੇ ਹੱਥ ਰੱਖ ਲਏ।
ਸੱਟ ਕਾਰਨ ਫੌੜ੍ਹੀਆਂ ਦੇ ਸਹਾਰੇ ਇਸ ਪ੍ਰੋਗਰਾਮ ਵਿਚ ਪਹੁੰਚੇ ਰੋਡ੍ਰੀ ਨੇ ਕਿਹਾ,‘‘ਮੇਰੇ ਲਈ ਇਹ ਅਵਿਸ਼ਵਾਸਯੋਗ ਰਾਤ ਹੈ। ਮੈਂ ਹਮੇਸ਼ਾ ਖੇਡ ਦੇ ਹਰ ਵਿਭਾਗ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ।’’
ਬੋਨਮਾਤੀ ਨੂੰ ਬਾਰਸੀਲੋਨਾ ਨੂੰ ਸਪੈਨਿਸ਼ ਲੀਗ, ਸਪੈਨਿਸ਼ ਕੱਪ ਤੇ ਚੈਂਪੀਅਨਜ਼ ਲੀਗ ਜਿੱਤਣ ਵਿਚ ਮਦਦ ਕਰਨ ਲਈ ਇਸ ਐਵਾਰਡ ਲਈ ਚੁਣਿਆ ਗਿਆ। ਇਹ 26 ਸਾਲਾ ਖਿਡਾਰਨ ਨੇ ਲਗਾਤਾਰ ਦੂਜੀ ਵਾਰ ਇਸ ਖਿਤਾਬ ਨੂੰ ਜਿੱਤਿਆ। ਉਸ ਨੇ ਆਪਣੀ ਟੀਮ ਦੀ ਸਾਥਣ ਨਾਰਵੇ ਦੀ ਕੈਰੋਲਿਨ ਗ੍ਰਾਹਮ ਹੈਨਸੇਨ ਤੇ ਸਪੇਨ ਦੀ ਸਲਮਾ ਪਾਰਲੂਏਲੋ ਨੂੰ ਪਛਾੜਿਆ। ਬਾਰਸੀਲੋਨਾ ਦੇ ਤਿੰਨੇ ਖਿਡਾਰੀ ਟਾਪ-3 ਸਥਾਨਾਂ ’ਤੇ ਰਹੇ।