ਦੱਖਣੀ ਕੋਰੀਆ ਦੇ 2002 ਵਿਸ਼ਵ ਕੱਪ ਦੇ ਸਟਾਰ ਯੂ ਸਾਂਗ ਚੁਲ ਦਾ ਦੇਹਾਂਤ
Tuesday, Jun 08, 2021 - 04:40 PM (IST)
ਸਪੋਰਟਸ ਡੈਸਕ : ਦੱਖਣੀ ਕੋਰੀਆ ਨੂੰ 2002 ਦੇ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਾਉਣ ’ਚ ਮਦਦ ਕਰਨ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੂ ਸਾਂਗ ਚੁਲ ਦਾ ਲੰਮੇ ਸਮੇਂ ਤਕ ਪੈਨਕੈਰੇਟਿਕ ਕੈਂਸਰ ਨਾਲ ਜੂਝਣ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 49 ਸਾਲਾਂ ਦੇ ਸਨ। ਮਿਡਫੀਲਡਰ ਯੂ ਨੇ 1994 ਤੋਂ 2005 ਦਰਮਿਆਨ ਦੱਖਣੀ ਕੋਰੀਆ ਲਈ 124 ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਨੇ 18 ਗੋਲ ਕੀਤੇ। ਉਨ੍ਹਾਂ ਨੇ ਪੋਲੈਂਡ ਖਿਲਾਫ ਵਰਲਡ ਕੱਪ 2002 ’ਚ 2-0 ਦੀ ਜਿੱਤ ’ਚ ਗੋਲ ਦਾਗਿਆ ਸੀ।
ਵਿਸ਼ਵ ਕੱਪ ’ਚ ਇਹ ਦੱਖਣੀ ਕੋਰੀਆ ਦੀ ਪਹਿਲੀ ਜਿੱਤ ਸੀ। ਕੋਰੀਅਨ ਫੁੱਟਬਾਲ ਐਸੋਸੀਏਸ਼ਨ ਨੇ ਸੋਮਵਾਰ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਸੰਦੇਸ਼ ’ਚ ਕਿਹਾ, "ਅਸੀਂ ਉਸ ਦਿਨ ਦੇ ਤੁਹਾਡੇ ਜਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ।" ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਸਾਲ 2002 ਦੇ ਵਿਸ਼ਵ ਕੱਪ ’ਚ ਦੱਖਣੀ ਕੋਰੀਆ ਨੇ ਪੁਰਤਗਾਲ ਨੂੰ ਵੀ ਹਰਾਇਆ ਸੀ। ਉਨ੍ਹਾਂ ਨੇ ਆਖਰੀ 16 ਵਿਚ ਇਟਲੀ ਨੂੰ ਇਕ ਸੁਨਹਿਰੀ ਗੋਲ ’ਤੇ ਹਰਾਇਆ ਅਤੇ ਫਿਰ ਕੁਆਰਟਰ ਫਾਈਨਲ ਵਿਚ ਪੈਨਲਟੀ ਸ਼ੂਟਆਊਟ ’ਚ ਸਪੇਨ ਨੂੰ ਹਰਾ ਕੇ ਸੈਮੀਫਾਈਨਲ ’ਚ ਪਹੁੰਚ ਗਈ, ਜਿਥੇ ਉਹ ਜਰਮਨੀ ਤੋਂ ਹਾਰ ਗਈ। ਯੂ ਦੱਖਣੀ ਕੋਰੀਆ ਲਈ ਸਾਰੇ 7 ਮੈਚਾਂ ਵਿਚ ਸ਼ਾਮਲ ਹੋਇਆ ਸੀ ਅਤੇ ਉਨ੍ਹਾਂ ਨੂੰ ਫੀਫਾ 2002 ਵਿਸ਼ਵ ਕੱਪ ਦੀ ਆਲ-ਸਟਾਰ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਉਹ 2005 ’ਚ ਰਿਟਾਇਰ ਹੋਏ ਸਨ।