IND vs SA : ਇਨ੍ਹਾਂ 5 ਖਿਡਾਰੀਆਂ ''ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ, ਖੂਬ ਬਣਾਉਂਦੇ ਹਨ ਦੌੜਾਂ
Wednesday, Mar 11, 2020 - 08:44 PM (IST)
ਨਵੀਂ ਦਿੱਲੀ— ਦੱਖਣੀ ਅਫਰੀਕਾ ਦੀ ਟੀਮ ਭਾਰਤੀ ਦੌਰੇ 'ਤੇ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣ ਲਈ ਪਹੁੰਚ ਗਈ ਹੈ। ਦੱਖਣੀ ਅਫਰੀਕਾ ਦੀ ਟੀਮ ਨੇ ਹਾਲ ਹੀ 'ਚ ਆਸਟਰੇਲੀਆ ਨੂੰ 3-0 ਨਾਲ ਹਰਾ ਕੇ ਆਈ ਹੈ ਜਦਕਿ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਹੱਥੋਂ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਇਸ ਸੀਰੀਜ਼ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਭਾਰਤੀ ਟੀਮ ਦੋਬਾਰਾ ਲੈਅ 'ਚ ਵਾਪਸ ਆਉਣਾ ਚਾਹੇਗੀ। ਇਸ ਸੀਰੀਜ਼ ਦੇ ਦੌਰਾਨ ਇਨ੍ਹਾਂ 5 ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।
ਵਿਰਾਟ ਕੋਹਲੀ
ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਦੱਖਣੀ ਅਫਰੀਕਾ ਦੀ ਟੀਮ ਵਿਰੁੱਧ ਖੂਬ ਚੱਲਦਾ ਹੈ। ਵਿਰਾਟ ਨੇ ਦੱਖਣੀ ਅਫਰੀਕਾ ਵਿਰੁੱਧ 27 ਮੈਚਾਂ ਦੀਆਂ 25 ਪਾਰੀਆਂ 'ਚ 64 ਦੀ ਔਸਤ ਨਾਲ 1284 ਦੌੜਾਂ ਬਣਾਈਆਂ ਹਨ। ਇਸ ਦੌਰਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ 4 ਸੈਂਕੜੇ ਤੇ 6 ਅਰਧ ਸੈਂਕੜੇ ਲਗਾਏ ਹਨ। ਵਿਰਾਟ ਦਾ ਦੱਖਣੀ ਅਫਰੀਕਾ ਵਿਰੁੱਧ ਸਰਵਸ੍ਰੇਸ਼ਠ 160 ਦੌੜਾਂ ਹੈ।
ਕਵਿੰਟਨ ਡਿ ਕੌਕ
ਦੱਖਣੀ ਅਫਰੀਕਾ ਦੇ ਨਵੇਂ ਕਪਤਾਨ ਬਣੇ ਕਵਿੰਟਨ ਡਿ ਕੌਕ ਦਾ ਬੱਲਾ ਭਾਰਤੀ ਟੀਮ ਵਿਰੁੱਧ ਖੂਬ ਚੱਲਦਾ ਹੈ। ਡਿ ਕੌਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਭਾਰਤ ਵਿਰੁੱਧ ਹੀ ਕੀਤੀ ਸੀ ਤੇ ਲਗਾਤਾਰ 3 ਮੈਚਾਂ 'ਚ ਸੈਂਕੜਾ ਲਗਾ ਕੇ ਰਿਕਾਰਡ ਬਣਾਇਆ ਸੀ। ਡਿ ਕੌਕ ਨੇ ਭਾਰਤ ਵਿਰੁੱਧ 13 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 60 ਦੀ ਔਸਤ ਨਾਲ 784 ਦੌੜਾਂ ਬਣਾਈਆਂ ਹਨ। ਡਿ ਕੌਕ ਨੇ ਭਾਰਤ ਵਿਰੁੱਧ 5 ਸੈਂਕੜੇ ਤੇ ਇਕ ਅਰਧ ਸੈਂਕੜਾ ਵੀ ਲਗਾਇਆ ਹੈ।
ਸ਼ਿਖਰ ਧਵਨ
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਵਿਰੁੱਧ ਦੌੜਾਂ ਬਣਾਉਣ 'ਚ ਬਹੁਤ ਮਜ਼ਾ ਆਉਂਦਾ ਹੈ। ਧਵਨ ਨੇ ਦੱਖਣੀ ਅਫਰੀਕਾ ਵਿਰੁੱਧ 49.87 ਦੌੜਾਂ ਦੀ ਔਸਤ ਨਾਲ 798 ਦੌੜਾਂ ਬਣਾਈਆਂ ਹਨ। ਧਵਨ ਨੇ ਦੱਖਣੀ ਅਫਰੀਕਾ ਵਿਰੁੱਧ 3 ਸੈਂਕੜੇ ਤੇ 4 ਅਰਧ ਸੈਂਕੜੇ ਲਗਾਏ ਹਨ।
ਫਾਫ ਡੂ ਪਲੇਸਿਸ
ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਭਾਰਤ ਵਿਰੁੱਧ ਖੂਬ ਦੌੜਾਂ ਬਣਾਉਂਦੇ ਹਨ। ਫਾਫ ਡੂ ਪਲੇਸਿਸ ਦਾ ਭਾਰਤ ਵਿਰੁੱਧ ਰਿਕਾਰਡ ਸ਼ਾਨਦਾਰ ਹੈ, ਉਨ੍ਹਾਂ ਨੇ 14 ਮੈਚਾਂ 'ਚ 58 ਦੀ ਔਸਤ ਨਾਲ 696 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਭਾਰਤ ਵਿਰੁੱਧ 2 ਸੈਂਕੜੇ ਤੇ 5 ਅਰਧ ਸੈਂਕੜੇ ਵੀ ਲਗਾਏ ਹਨ।
ਹਾਰਦਿਕ ਪੰਡਯਾ
ਭਾਰਤ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਸੱਟ ਤੋਂ ਠੀਕ ਹੋ ਚੁੱਕੇ ਹਨ। ਉਹ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਸੀਰੀਜ਼ 'ਚ ਖੇਡਦੇ ਹੋਏ ਦਿਖਾਈ ਦੇਣਗੇ। ਪੰਡਯਾ ਨੇ ਹਾਲ ਹੀ 'ਚ ਘਰੇਲੂ ਟੀ-20 ਮੈਚ 'ਚ 2 ਸੈਂਕੜੇ ਲਗਾ ਕੇ ਆਪਣੀ ਵਾਪਸੀ ਦੇ ਸੰਕੇਤ ਦਿੱਤੇ ਹਨ। ਹੁਣ ਹਾਰਦਿਕ ਦੱਖਣੀ ਅਫਰੀਕਾ ਵਿਰੁੱਧ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ, ਇਹ ਦਿਲਚਸਪ ਹੋਵੇਗਾ।