ਦੱਖਣੀ ਅਫਰੀਕਾ ਨੇ 27 ਜੂਨ ਨੂੰ ਹੋਣ ਵਾਲਾ ਪ੍ਰਦਰਸ਼ਨੀ ਮੈਚ ਕੀਤਾ ਮੁਲਤਵੀ
Monday, Jun 22, 2020 - 03:39 PM (IST)
ਜੋਹਾਨਸਬਰਗ– ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ‘ਕੋਵਿਡ-19’ ਦੇ ਮੱਦੇਨਜ਼ਰ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ 27 ਜੂਨ ਨੂੰ ਹੋਣ ਵਾਲੇ ਪ੍ਰਦਰਸ਼ਨੀ ਮੈਚ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਮੈਚ ਨਵੇਂ ਸਵਰੂਪ ਵਿਚ ਖੇਡਿਆ ਜਾਣ ਵਾਲਾ ਸੀ, ਜਿਸ ਵਿਚ 8-8 ਖਿਡਾਰੀਆਂ ਦੀਆਂ 3 ਵੱਖ-ਵੱਖ ਟੀਮਾਂ 36 ਓਵਰਾਂ ਦੇ ਇਕ ਹੀ ਮੈਚ ਵਿਚ ਹਿੱਸਾ ਲੈਣ ਵਾਲੀਆਂ ਸਨ ਤੇ ਇਸ ਨੂੰ ‘ਥ੍ਰੀ ਟੀ’ ਨਾਂ ਦਿੱਤਾ ਗਿਆ ਸੀ।
‘ਕ੍ਰਿਕਇੰਫੋ’ ਦੀ ਰਿਪੋਰਟ ਦੇ ਮੁਤਾਬਕ ਜਦੋਂ ਬੁੱਧਵਾਰ ਨੂੰ ਇਸ ਪ੍ਰੋਗਰਾਮ ਦਾ ਸ਼ੁਭਆਰੰਭ ਕੀਤਾ ਗਿਆ ਸੀ ਤਦ ਕ੍ਰਿਕਟ ਦੱਖਣੀ ਅਫਰੀਕਾ ਨੇ ਦੱਖਣੀ ਖੇਡ ਮੰਤਰਾਲਾ ਤੋਂ ਮਨਜ਼ੂਰੀ ਨਹੀਂ ਲਈ ਸੀ। ਇਹ ਅਜੇ ਤਕ ਲੰਬਿਤ ਹੈ। ਸੀ. ਐੱਸ. ਏ. ਇਸ ਮੈਚ ਨੂੰ ਸੈਂਚੂਰੀਅਨ ਵਿਚ ਖੇਡਣਾ ਚਾਹੁੰਦਾ ਹੈ ਪਰ ਇਹ ਇਲਾਕਾ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ, ਅਜਿਹੇ ਵਿਚ ਸੀ. ਐੱਸ. ਏ. ਨੂੰ ਦੇਸ਼ ਦੇ ਸਿਹਤ ਵਿਭਾਗ ਦੀ ਵੀ ਮਨਜ਼ੂਰੀ ਲੈਣੀ ਪਵੇਗੀ। ਸੀ. ਐੱਸ. ਏ. ਦੇ ਕਾਰਜਕਾਰੀ ਅਧਿਕਾਰੀ ਜੈਕਸ ਫਾਓਲ ਨੇ ਕਿਹਾ,‘‘ਕਿਉਂਕਿ ਇਹ ਮੈਚ ਹੌਟਸਪੋਟ ਵਿਚ ਖੇਡਿਆ ਜਾਣਾ ਹੈ, ਅਜਿਹੇ ਵਿਚ ਇਸ ਨੂੰ ਸਿਹਤ ਵਿਭਾਗ ਦੀ ਮਨਜ਼ੂਰੀ ਲੈਣੀ ਪਵੇਗੀ। ਇਸ ਵਿਚ ਥੋੜ੍ਹਾ ਸਮਾਂ ਲੱਗੇਗਾ।’’