ਦੱਖਣੀ ਅਫਰੀਕਾ ਨੇ ਕੀਤੀ ਸੀਰੀਜ਼ 'ਚ ਧਮਾਕੇਦਾਰ ਵਾਪਸੀ

07/18/2017 3:27:56 AM

ਨਾਟਿੰਘਮ— ਤੇਜ਼ ਗੇਂਦਬਾਜ਼ ਵਰਨੇਨ ਫਿਲੇਂਡਰ ਤੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਦੀਆਂ 3-3 ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਇਥੇ ਇੰਗਲੈਂਡ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਹੀ ਦਿਨ 340 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਚਾਰ ਮੈਚਾਂ ਦੀ ਲੜੀ 'ਚ 1-1 ਨਾਲ ਬਰਾਬਰੀ ਕਰ ਲਈ। 
ਇੰਗਲੈਂਡ ਸਾਹਮਣੇ 474 ਦੌੜਾਂ ਦਾ ਵੱਡਾ ਟੀਚਾ ਸੀ ਪਰ ਉਸ ਦੀ ਟੀਮ 44.2 ਓਵਰਾਂ ਵਿਚ ਹੀ ਸਿਰਫ 133 ਦੌੜਾਂ 'ਤੇ ਢੇਰ ਹੋ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਦੌੜਾਂ ਦੇ ਲਿਹਾਜ਼ ਨਾਲ ਆਪਣੀ ਚੌਥੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਫਿਲੇਂਡਰ ਨੇ 24 ਦੌੜਾਂ ਦੇ ਕੇ,  ਜਦਕਿ ਮਹਾਰਾਜ ਨੇ 42 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਆਲਰਾਊਂਡਰ ਕ੍ਰਿਸ ਮੌਰਿਸ ਅਤੇ ਕੈਗਿਸੋ ਰਬਾਡਾ 'ਤੇ ਇਕ ਮੈਚ ਦੀ ਪਾਬੰਦੀ ਲੱਗਣ ਕਾਰਨ ਇਸ ਮੈਚ 'ਚ ਖੇਡ ਰਹੇ ਡੁਆਨੇ ਓਲੀਵਰ ਨੇ 2-2 ਵਿਕਟਾਂ ਹਾਸਲ ਕੀਤੀਆਂ। 
ਇੰਗਲੈਂਡ ਨੇ ਲਾਰਡਸ 'ਚ ਪਹਿਲਾ ਟੈਸਟ 211 ਦੌੜਾਂ ਨਾਲ ਜਿੱਤਿਆ ਸੀ ਪਰ ਇਥੇ ਦੋਵਾਂ ਪਾਰੀਆਂ 'ਚ ਉਸ ਦੇ ਬੱਲੇਬਾਜ਼ ਨਹੀਂ ਚੱਲ ਸਕੇ। ਦੱਖਣੀ ਅਫਰੀਕਾ ਦੀਆਂ 335 ਦੌੜਾਂ ਦੇ ਜਵਾਬ 'ਚ ਉਸ ਦੀ ਟੀਮ ਪਹਿਲੀ ਪਾਰੀ 'ਚ 205 ਦੌੜਾਂ 'ਤੇ ਹੀ ਆਊਟ ਹੋ ਗਈ ਸੀ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ 9 ਵਿਕਟਾਂ 'ਤੇ 343 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ।
ਹੁਣ ਦੋਵਾਂ ਟੀਮਾਂ 'ਚ ਤੀਸਰਾ ਟੈਸਟ ਮੈਚ 27 ਜੁਲਾਈ ਨੂੰ ਓਵਲ ਖੇਡਿਆ ਜਾਣਾ ਹੈ।


Related News