ਆਖਰੀ ਓਵਰ 'ਚ ਐਨਗਿਡੀ ਨੇ ਕੀਤਾ ਕਮਾਲ, ਟੀ20 'ਚ 1 ਦੌੜ ਨਾਲ ਹਾਰਿਆ ਇੰਗਲੈਂਡ

02/13/2020 11:00:11 AM

ਸਪੋਰਟਸ ਡੈਸਕ— ਇੰਗਲੈਂਡ ਕ੍ਰਿਕਟ ਟੀਮ ਅੱਜਕਲ ਦੱਖਣੀ ਅਫਰੀਕੀ ਦੌਰੇ 'ਤੇ ਹੈ। ਦੋਵਾਂ ਟੀਮਾਂ ਦੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਆਗਾਜ਼ ਹੋ ਚੁੱਕਿਆ ਹੈ। ਸੀਰੀਜ਼ ਦਾ ਪਹਿਲਾ ਮੈਚ ਬੀਤੇ ਦਿਨ ਬੱਧਵਾਰ ਨੂੰ ਈਸਟ ਲੰਡਨ ਦੇ ਬੁਫੈਲੋ ਪਾਰਕ ਸਟੇਡੀਅਮ 'ਚ ਖੇਡਿਆ ਗਿਆ, ਜਿਥੇ ਮੇਜ਼ਬਾਨ ਦੱਖਣੀ ਅਫਰੀਕਾ ਨੇ ਰੋਮਾਂਚਕ ਮੁਕਾਬਲੇ 'ਚ ਇਕ ਦੌੜ ਨਾਲ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ 'ਤੇ 177 ਦੌੜਾਂ ਬਣਾਈਆਂ, ਜਵਾਬ 'ਚ ਇੰਗਲੈਂਡ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ ਸਿਰਫ 176 ਦੌੜਾਂ ਹੀ ਬਣਾ ਸਕੀ। 

ਦੱਖਣੀ ਅਫਰੀਕਾ ਦੀ ਇਸ ਜਿੱਤ ਦੇ ਹੀਰੋ ਰਹੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ। ਆਖਰੀ ਓਵਰ 'ਚ ਇੰਗਲੈਂਡ ਨੂੰ ਜਿੱਤ ਲਈ 7 ਦੌੜਾਂ ਦੀ ਜਰੂਰਤ ਸੀ ਅਤੇ ਉਨ੍ਹਾਂ ਦੇ ਖਾਂਤੇ 'ਚ ਚਾਰ ਵਿਕਟਾਂ ਬਚੀਆਂ ਹੋਈਆਂ ਸਨ। ਟਾਮ ਕੁਰੇਨ ਅਤੇ ਮੋਇਨ ਅਲੀ ਉਸ ਸਮੇਂ ਕ੍ਰੀਜ਼ 'ਤੇ ਮੌਜੂਦ ਸੀ। ਲੁੰਗੀ ਐਨਗਿਡੀ ਨੇ ਆਖਰੀ ਓਵਰ 'ਚ ਜ਼ਬਰਦਸਤ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 5  ਦੌੜਾਂ ਹੀ ਦਿੱਤੀਆਂ ਅਤੇ ਦੋ ਵਿਕਟਾਂ ਹਾਸਲ ਕੀਤੀਆਂ, ਜਦ ਕਿ ਆਖਰੀ ਓਵਰ 'ਚ ਇਕ ਵਿਕਟ ਇੰਗਲੈਂਡ ਨੇ ਰਨ ਆਊਟ ਨਾਲ ਗੁਆਈ। ਲੁੰਗੀ ਐਨਗਿਡੀ ਨੇ ਇਸ ਮੈਚ 'ਚ 4 ਓਵਰਾਂ 'ਚ 30 ਦੌੜਾਂ ਦੇ ਕੇ ਕੁਲ 3 ਵਿਕਟਾਂ ਲਈਆਂ ਅਤੇ ਆਖਰੀ ਓਵਰ 'ਚ ਜ਼ਬਰਦਸਤ ਗੇਂਦਬਾਜ਼ੀ ਲਈ ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਟੀ20 ਅੰਤਰਰਾਸ਼ਟਰੀ 'ਚ ਇਹ ਤੀਜਾ ਅਜਿਹਾ ਮੌਕਾ ਸੀ, ਜਦ ਦੱਖਣੀ ਅਫਰੀਕਾ ਨੇ ਇਕ ਦੌੜਾਂ ਨਾਲ ਜਿੱਤ ਦਰਜ ਕੀਤੀ ਹੋਵੇ। ਇੰਗਲੈਂਡ ਨੂੰ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਪਹਿਲੀ ਵਾਰ 1 ਦੌੜ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ।


Related News