ਸੌਰਵ ਗਾਂਗੁਲੀ ਨੇ ਦਿੱਤੇ ਨਵੀਂ ਪਾਰੀ ਸ਼ੁਰੂ ਕਰਨ ਦੇ ਸੰਕੇਤ, ਕੀਤਾ ਟਵੀਟ
Wednesday, Jun 01, 2022 - 07:21 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕ੍ਰਿਕਟ ਵਿੱਚ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ ਬੁੱਧਵਾਰ (1 ਜੂਨ) ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਨਵੀਂ ਪਾਰੀ ਸ਼ੁਰੂ ਕਰ ਸਕਦੇ ਹਨ। ਹਾਲਾਂਕਿ ਗਾਂਗੁਲੀ ਨੇ ਇਸ ਬਾਰੇ ਵਿਸਥਾਰ 'ਚ ਕੁਝ ਨਹੀਂ ਦੱਸਿਆ ਹੈ।
ਗਾਂਗੁਲੀ ਨੇ ਟਵੀਟ ਕੀਤਾ, ''ਮੈਂ 1992 'ਚ ਕ੍ਰਿਕਟਰ ਦੇ ਤੌਰ 'ਤੇ ਆਪਣੀ ਪਾਰੀ ਸ਼ੁਰੂ ਕੀਤੀ ਸੀ। ਇਹ 2022 ਵਿੱਚ 30 ਸਾਲ ਪੂਰੇ ਕਰ ਰਿਹਾ ਹੈ। ਕ੍ਰਿਕਟ ਨੇ ਇਸ ਸਮੇਂ ਦੌਰਾਨ ਮੈਨੂੰ ਬਹੁਤ ਕੁਝ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਤੁਹਾਡੇ ਸਾਰਿਆਂ ਦਾ ਸਹਿਯੋਗ ਮਿਲਿਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਇਸ ਯਾਤਰਾ ਦਾ ਹਿੱਸਾ ਰਹੇ ਹਨ, ਮੇਰਾ ਸਮਰਥਨ ਕੀਤਾ ਹੈ ਅਤੇ ਅੱਜ ਜਿੱਥੇ ਮੈਂ ਹਾਂ ਉੱਥੇ ਪਹੁੰਚਣ ਵਿੱਚ ਮੇਰੀ ਮਦਦ ਕੀਤੀ ਹੈ। ਅੱਜ ਮੈਂ ਕੁਝ ਅਜਿਹਾ ਸ਼ੁਰੂ ਕਰਨ ਬਾਰੇ ਸੋਚ ਰਿਹਾ ਹਾਂ ਜਿਸ ਰਾਹੀਂ ਮੈਂ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਸਕਦਾ ਹਾਂ। ਮੈਨੂੰ ਆਸ ਹੈ ਕਿ ਮੇਰੀ ਜ਼ਿੰਦਗੀ ਦੇ ਇਸ ਅਧਿਆਏ 'ਕਰਨ 'ਤੇ ਤੁਸੀਂ ਸਮਰਥਨ ਜਾਰੀ ਰੱਖੋਗੇ।'
ਇਹ ਵੀ ਪੜ੍ਹੋ : ਗੋਲਫਰ Paige Spiranac ਨੇ ਦੋਹਰਾਇਆ ਆਪਣਾ ਆਈਕੋਨਿਕ ਪੋਜ਼, ਖ਼ੂਬਸੂਰਤੀ ਦੇ ਦੀਵਾਨੇ ਹੋਏ ਪ੍ਰਸ਼ੰਸਕ
ਸੌਰਵ ਗਾਂਗੁਲੀ ਨੇ 1992 ਵਿੱਚ ਬ੍ਰਿਸਬੇਨ ਵਿੱਚ ਵੈਸਟਇੰਡੀਜ਼ ਦੇ ਖਿਲਾਫ ਆਪਣੇ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਫਿਰ ਉਨ੍ਹਾਂ ਨੇ 1996 ਵਿੱਚ ਲੰਡਨ ਦੇ ਲਾਰਡਸ ਮੈਦਾਨ ਵਿੱਚ ਇੰਗਲੈਂਡ ਦੇ ਖਿਲਾਫ ਪਹਿਲਾ ਟੈਸਟ ਮੈਚ ਖੇਡਿਆ। ਗਾਂਗੁਲੀ ਦਾ ਆਖਰੀ ਟੈਸਟ 2008 'ਚ ਨਾਗਪੁਰ 'ਚ ਆਸਟ੍ਰੇਲੀਆ ਖਿਲਾਫ ਸੀ। ਉਨ੍ਹਾਂ ਨੇ ਆਖਰੀ ਵਾਰ 2007 'ਚ ਗਵਾਲੀਅਰ 'ਚ ਪਾਕਿਸਤਾਨ ਖਿਲਾਫ ਵਨ-ਡੇ ਖੇਡਿਆ ਸੀ। ਗਾਂਗੁਲੀ ਨੇ 113 ਟੈਸਟ ਮੈਚਾਂ ਵਿੱਚ 42.17 ਦੀ ਔਸਤ ਨਾਲ 7212 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਸ ਨੇ 311 ਵਨ-ਡੇ ਮੈਚਾਂ 'ਚ 11363 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਔਸਤ 41.02 ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।