ਰਸੇਲ ਦਾ ਵਿਕਟ ਲੈਣ ਵਾਲੇ ਰਬਾਡਾ ਦੀ ਯਾਰਕਰ ''IPL ਦੀ ਸਭ ਤੋਂ ਸ਼ਾਨਦਾਰ ਗੇਂਦ'' : ਗਾਂਗੁਲੀ
Sunday, Mar 31, 2019 - 03:05 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਕਪਤਾਨ ਅਤੇ ਦਿੱਲੀ ਕੈਪੀਟਲਸ ਦੇ ਸਲਾਹਕਾਰ ਸੌਰਵ ਗਾਂਗੁਲੀ ਨੇ ਆਂਦਰੇ ਰਸੇਲ ਦਾ ਵਿਕਟ ਪੁੱਟਣ ਵਾਲੇ ਕਗਿਸੋ ਰਬਾਡਾ ਦੀ ਯਾਰਕਰ ਗੇਂਦ ਨੂੰ 'ਆਈ.ਪੀ.ਐੱਲ. ਦੀ ਸਰਵਸ੍ਰੇਸ਼ਠ ਗੇਂਦ' ਕਰਾਰ ਦਿੱਤਾ। ਸ਼ਨੀਵਾਰ ਨੂੰ ਦਿੱਲੀ ਦੇ ਖਿਲਾਫ ਸੁਪਰ ਓਵਰ 'ਚ ਕੋਲਕਾਤਾ ਨਾਈਟਰਾਈਡਰਜ਼ ਨੂੰ ਜਿੱਤ ਦੇ ਲਈ ਸਿਰਫ 11 ਦੌੜਾਂ ਦੀ ਲੋੜ ਸੀ। ਕੇ.ਕੇ.ਆਰ. ਨੇ ਇਸ ਲਈ ਸ਼ਾਨਦਾਰ ਲੈਅ 'ਚ ਚਲ ਰਹੇ ਰਸੇਲ ਨੂੰ ਬੱਲੇਬਾਜ਼ੀ ਲਈ ਉਤਾਰਿਆ ਤਾਂ ਉਹ ਰਬਾਡਾ ਦੀ ਅੰਦਰ ਆਉਂਦੀ ਯਾਰਕਰ 'ਤੇ ਬੋਲਡ ਹੋ ਗਏ।
ਗਾਂਗੁਲੀ ਨੇ ਪੱਤਰਕਾਰਾਂ ਨੂੰ ਕਿਹਾ, ''ਕਗਿਸੋ ਰਬਾਡਾ ਦਾ ਸੁਪਰ ਓਵਰ ਅਤੇ ਖਾਸ ਕਰਕੇ ਉਨ੍ਹਾਂ ਨੇ ਆਂਦਰੇ ਰਸੇਲ ਨੂੰ ਜਿਸ ਗੇਂਦ 'ਤੇ ਬੋਲਡ ਕੀਤਾ ਉਹ ਆਈ.ਪੀ.ਐੱਲ. ਦੀ ਸਰਵਸ੍ਰੇਸ਼ਠ ਗੇਂਦ ਹੋਵੇਗੀ। ਆਂਦਰੇ ਰਸੇਲ ਨੂੰ ਇਸ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਦੇਖਣਾ ਸ਼ਾਨਦਾਰ ਹੈ।'' ਰਬਾਡਾ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਦਿੱਲੀ ਕੈਪੀਟਲਸ ਨੇ ਆਈ.ਪੀ.ਐੱਲ. ਦੇ ਇਤਿਹਾਸ 'ਚ ਸੁਪਰ ਓਵਰ 'ਚ ਆਪਣੇ ਸਭ ਤੋਂ ਘੱਟ ਸਕੋਰ ਦਾ ਸਫਲਤਾਪੂਰਵਕ ਬਚਾਅ ਕਰਦੇ ਹੋਏ ਤਿੰਨ ਦੌੜਾਂ ਨਾਲ ਜਿੱਤ ਦਰਜ ਕੀਤੀ।
ਗਾਂਗੁਲੀ ਨੇ ਕਿਹਾ, ''ਇਸ ਟੀਮ ਨੂੰ ਜਿੱਤ ਦੀ ਜ਼ਰੂਰਤ ਸੀ। ਪਿਛਲੇ ਸਾਲ ਇਸ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਇਹ ਇਕ ਯੁਵਾ ਟੀਮ ਹੈ। ਇਸ ਤਰ੍ਹਾਂ ਦੀ ਜਿੱਤ ਨਾਲ ਆਤਮਵਿਸ਼ਵਾਸ ਵਧਦਾ ਹੈ।'' ਗਾਂਗੁਲੀ ਨੇ ਸਿਰਫ ਇਕ ਦੌੜ ਨਾਲ ਸੈਂਕੜਾ ਬਣਾਉਣ ਤੋਂ ਖੁੰਝਣ ਵਾਲੇ ਦਿੱਲੀ ਦੇ ਯੁਵਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾ ਦੀ ਵੀ ਸ਼ਲਾਘਾ ਕੀਤੀ।'' ਉਨ੍ਹਾਂ ਕਿਹਾ, ''ਬਦਕਿਸਮਤੀ ਨਾਲ ਉਹ 99 ਦੌੜਾਂ 'ਤੇ ਆਊਟ ਹੋ ਗਿਆ ਅਤੇ ਮੈਨੂੰ ਇਸ ਨਾਲ ਬੁਰਾ ਮਹਿਸੂਸ ਹੋ ਰਿਹਾ ਹੈ। ਮੈਨੂੰ ਲਗਦਾ ਹੈ ਕਿ ਆਈ.ਪੀ.ਐੱਲ. 'ਚ ਅਤੇ ਖੇਡ ਦੇ ਸਾਰੇ ਫਾਰਮੈਟਾਂ 'ਚ ਉਹ ਸੈਂਕੜੇ ਵਾਲੀ ਪਾਰੀ ਖੇਡੇਗਾ।''