ਕਲਿਆਣ ਚੌਬੇ ਜਿੰਨੀ ਜਲਦੀ ਮੁਖੀ ਅਹੁਦਾ ਛੱਡੇਗਾ, ਭਾਰਤੀ ਫੁੱਟਬਾਲ ਲਈ ਓਨਾ ਹੀ ਚੰਗਾ ਹੋਵੇਗਾ : ਸਿਟਮਕ

Saturday, Jun 22, 2024 - 10:21 AM (IST)

ਕਲਿਆਣ ਚੌਬੇ ਜਿੰਨੀ ਜਲਦੀ ਮੁਖੀ ਅਹੁਦਾ ਛੱਡੇਗਾ, ਭਾਰਤੀ ਫੁੱਟਬਾਲ ਲਈ ਓਨਾ ਹੀ ਚੰਗਾ ਹੋਵੇਗਾ : ਸਿਟਮਕ

ਨਵੀਂ ਦਿੱਲੀ– ਭਾਰਤ ਦੇ ਬਰਖਾਸਤ ਫੁੱਟਬਾਲ ਕੋਚ ਇਗੋਰ ਸਿਟਮਕ ਨੇ ਸ਼ੁੱਕਰਵਾਰ ਨੂੰ ਅਖਿਲ ਭਾਰਤੀ ਫੁੱਟਬਾਲ ਸੰਘ (ਏ.ਆਈ. ਐੱਫ. ਐੱਫ.) ਦੇ ਮੁਖੀ ਕਲਿਆਣ ਚੌਬੇ ’ਤੇ ਸਖਤ ਹਮਲਾ ਕਰਦੇ ਹੋਏ ਕਿਹਾ ਕਿ ਉਹ ਜਿੰਨੀ ਜਲਦੀ ਅਹੁਦਾ ਛੱਡੇਗਾ, ਦੇਸ਼ ਵਿਚ ਫੁੱਟਬਾਲ ਦੇ ਭਵਿੱਖ ਲਈ ਓਨਾ ਹੀ ਬਿਹਤਰ ਹੋਵੇਗਾ। ਉਸ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਪ੍ਰਸਿੱਧ ਖੇਡ ਉਸਦੀ ਦੇਖ-ਰੇਖ ਵਿਚ ਇਸ ਦੇਸ਼ ਵਿਚ ਬਿਲਕੁਲ ਨਹੀਂ ਵੱਧ ਰਹੀ।
ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਦੌਰ ਵਿਚ ਟੀਮ ਦੇ ਪਹੁੰਚਣ ਵਿਚ ਅਸਫਲ ਰਹਿਣ ਤੋਂ ਬਾਅਦ ਸਿਟਮਕ ਨੂੰ ਸੋਮਵਾਰ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਇਕ ਦਿਨ ਬਾਅਦ ਕ੍ਰੋਏਸ਼ੀਆ ਦੇ ਇਸ ਸਾਬਕਾ ਖਿਡਾਰੀ ਨੇ ਧਮਕੀ ਦਿੱਤੀ ਸੀ ਕਿ ਜੇਕਰ 10 ਦਿਨਾਂ ਵਿਚ ਉਸਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ ਏ. ਆਈ. ਐੱਫ. ਐੱਫ. ਵਿਰੁੱਧ ਫੀਫਾ ਪੰਚਾਟ (ਟ੍ਰਬਿਊਨਲ) ਵਿਚ ਮੁਕੱਦਮਾ ਦਾਇਰ ਕਰੇਗਾ।
ਸਿਟਮਕ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਭਾਰਤੀ ਫੁੱਟਬਾਲ ‘ਕੈਦ’ ਹੈ ਤੇ ਉਸ ਨੇ ਖੇਡ ਨੂੰ ਪ੍ਰਭਾਵਿਤ ਕਰਨ ਵਾਲੀਆਂ ਜ਼ਿਆਦਾਤਰ ਸਮੱਸਿਆਵਾਂ ਲਈ ਚੌਬੇ ਨੂੰ ਦੋਸ਼ੀ ਠਹਿਰਾਇਆ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ‘ਝੂਠ ਤੇ ਅਧੂਰੇ ਵਾਅਦਿਆਂ ਤੋਂ ਤੰਗ ਆ ਚੁੱਕਾ ਸੀ’।
ਸਿਟਮਕ ਨੇ ਕਿਹਾ,‘‘ਕਲਿਆਣ ਚੌਬੇ ਜਿੰਨੀ ਜਲਦੀ ਏ. ਆਈ. ਐੱਫ. ਐੱਫ. ਛੱਡੇਗਾ, ਭਾਰਤੀ ਫੁੱਟਬਾਲ ਲਈ ਓਨਾ ਹੀ ਚੰਗਾ ਹੋਵੇਗਾ। ਫੁੱਟਬਾਲ ਦੁਨੀਆ ਵਿਚ ਸਭ ਤੋਂ ਪ੍ਰਸਿੱਧ ਖੇਡ ਹੈ ਪਰ ਭਾਰਤ ਇਕੌਲਤੀ ਅਜਿਹੀ ਜਗ੍ਹਾ ਹੈ, ਜਿੱਥੇ ਫੁੱਟਬਾਲ ਅੱਗੇ ਨਹੀਂ ਵੱਧ ਰਿਹਾ ਹੈ।’’
ਉਸ ਨੇ ਏ. ਆਈ. ਐੱਫ. ਐੱਫ. ਦੀ ਤਕਨੀਕੀ ਕਮੇਟੀ ਦੇ ਪ੍ਰਮੁੱਖ ਤੇ ਭਾਰਤ ਦੇ ਮਹਾਨ ਖਿਡਾਰੀ ਆਈ. ਐੱਮ. ਵਿਜਯਨ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਇਸ ਅਹੁਦੇ ਲਈ ਯੋਗ ਨਹੀਂ ਹੈ।
ਸਿਟਮਕ ਨੂੰ ਮਾਰਚ 2019 ਵਿਚ ਸਟੀਫਨ ਕਾਂਸਟੇਨਟਾਈਨ ਤੋਂ ਬਾਅਦ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।


author

Aarti dhillon

Content Editor

Related News