ਸਮ੍ਰਿਤੀ ਦੇ ਸੈਂਕੜੇ ਨਾਲ ਭਾਰਤ ਦੀ ਵੈਸਟਇੰਡੀਜ਼ ਤੇ ਆਸਾਨ ਜਿੱਤ

06/30/2017 12:21:48 AM

ਟਾਂਟਨ— ਓਪਨਰ ਸਮ੍ਰਿਤੀ ਮੰਧਾਨਾ (ਅਜੇਤੂ 106) ਦੀ ਸਰਵਸ੍ਰੇਸ਼ਠ ਪਾਰੀ ਤੇ ਹਮਲਾਵਰ ਸੈਂਕੜੇ ਨਾਲ ਭਾਰਤੀ ਨੇ ਵੈਸਟਇੰਡੀਜ਼ ਨੂੰ ਵੀਰਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਵੈਸਟਇੰਡੀਜ਼ ਨੂੰ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ 'ਤੇ 183 ਦੌੜਾਂ 'ਤੇ ਰੋਕਣ ਤੋਂ ਬਾਅਦ 42.3 ਓਵਰਾਂ ਵਿਚ 3 ਵਿਕਟਾਂ 'ਤੇ 186 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ। ਭਾਰਤ ਦੀ ਜਿੱਥੇ ਇਹ ਲਗਾਤਾਰ ਦੂਜੀ ਜਿੱਤ ਹੈ, ਉਥੇ ਹੀ ਵੈਸਟਇੰਡੀਜ਼ ਦੀ ਦੂਜੀ ਹਾਰ ਹੈ। ਸਮ੍ਰਿਤੀ ਨੇ 108 ਗੇਂਦਾਂ 'ਤੇ 13 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 106 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਤੇ ਉਸ ਨੂੰ 'ਪਲੇਆਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। 
ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਹਾਲਾਂਕਿ ਖਰਾਬ ਰਹੀ। ਭਾਰਤ ਨੇ ਪੂਨਮ ਰਾਊਤ ਨੂੰ ਪਹਿਲੇ ਹੀ ਓਵਰ ਵਿਚ ਜ਼ੀਰੋ 'ਤੇ ਸਕੋਰ 'ਤੇ ਗੁਆ ਦਿੱਤਾ । ਭਾਰਤ ਦੀ ਦੂਜੀ ਵਿਕਟ 8ਵੇਂ ਓਵਰ ਵਿਚ 33 ਦੌੜਾਂ ਦੇ ਸਕੋਰ 'ਤੇ ਡਿੱਗੀ ਜਦੋਂ ਦੀਪਤੀ ਸ਼ਰਮਾ 6 ਦੌੜਾਂ ਬਣਾ ਕੇ ਆਊਟ ਹੋ ਗਈ ਪਰ ਦੂਜੇ ਪਾਸੇ 20 ਸਾਲਾ ਸਮ੍ਰਿਤੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਹਮਲਾਵਰ ਸ਼ਾਟ ਖੇਡਦੇ ਹੋਏ ਕੈਰੇਬੀਆਈ ਗੇਂਦਬਾਜ਼ਾਂ ਨੂੰ ਹਾਵੀ ਨਹੀਂ ਹੋਣ ਦਿੱਤਾ। ਸਮ੍ਰਿਤੀ ਨੇ ਕਪਤਾਨ ਮਿਤਾਲੀ ਨਾਲ ਤੀਜੀ ਵਿਕਟ ਲਈ 26 ਓਵਰਾਂ ਵਿਚ 108 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਜਿੱਤ ਦੇ ਰਸਤੇ 'ਤੇ ਪਾ ਦਿੱਤਾ। 
ਲਗਾਤਾਰ ਸੱਤ ਅਰਧ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਬਣਾ ਚੁੱਕੀ ਮਿਤਾਲੀ ਆਪਣੇ ਲਗਾਤਾਰ ਅੱਠਵੇਂ ਸੈਂਕੜੇ ਤੋਂ ਸਿਰਫ ਸਿਰਫ 4 ਦੌੜਾਂ ਨਾਲ ਖੁੰਝ ਗਈ। ਮਿਤਾਲੀ ਨੇ 88 ਗੇਂਦਾਂ ਦੀ ਧੀਰਜਭਰੀ ਪਾਰੀ ਵਿਚ ਸਿਰਫ ਤਿੰਨ ਚੌਕੇ ਲਗਾਏ। ਮਿਤਾਲੀ ਦੀ ਵਿਕਟ 141 ਦੇ ਸਕੋਰ 'ਤੇ ਡਿੱਗੀ। ਟੀਚਾ ਵੱਡਾ ਨਹੀਂ ਸੀ, ਇਸ ਲਈ ਸਮ੍ਰਿਤੀ ਨੇ ਕੋਈ ਜਲਦਬਾਜ਼ੀ ਨਹੀਂ ਕੀਤੀ ਤੇ ਮੋਨਾ ਮੇਸ਼ਰਾਮ ਨਾਲ ਭਾਰਤ ਨੂੰ ਜਿੱਤ ਦੀ ਮੰਜ਼ਿਲ 'ਤ ੇਪਹੁੰਚਾ ਦਿੱਤਾ। ਸਮ੍ਰਿਤੀ ਨੂੰ ਹਾਲਾਂਕਿ 94 ਦੌੜਾਂ ਦੇ ਆਪਣੇ ਨਿੱਜੀ ਸਕੋਰ 'ਤੇ ਇਕ ਜੀਵਨਦਾਨ ਮਿਲਿਆ, ਜਿਸਦਾ ਫਾਇਦਾ ਉਸ ਨੇ ਆਪਣਾ ਦੂਜਾ ਵਨ ਡੇ ਸੈਂਕੜਾ ਪੂਰਾ ਕਰ ਕੇ ਚੁੱਕਿਆ। ਉਸ ਨੇ ਸਟੇਫਨੀ ਟੇਲਰ ਦੀ ਗੇਂਦ 'ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਤੇ ਫਿਰ ਉਸਦੇ ਬੱਲੇ ਤੋਂ ਜੇਤੂ ਚੌਕਾ ਵੀ ਨਿਕਲਿਆ। ਇਸਦੇ ਨਾਲ ਹੀ ਉਸ ਨੇ ਆਪਣਾ ਸਰਵਸ੍ਰੇਸ਼ਠ ਸਕੋਰ ਵੀ ਬਣਾ ਲਿਆ। ਮੋਨਾ 32 ਗੇਂਦਾਂ 'ਤੇ 18 ਦੌੜਾਂ ਬਣਾ ਕੇ ਅਜੇਤੂ ਰਹੀ। 
ਇਸ ਤੋਂ ਪਹਿਲਾਂ ਦੀਪਤੀ ਸ਼ਰਮਾ, ਪੂਨਮ ਯਾਦਵ ਤੇ ਹਰਮਨਪ੍ਰੀਤ ਕੌਰ ਦੀਆਂ ਦੋ-ਦੋ ਵਿਕਟਾਂ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ 'ਤੇ 183 ਦੌੜਾਂ 'ਤੇ ਰੋਕ ਦਿੱਤਾ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ 35ਵੇਂ ਓਵਰ ਤੱਕ ਜਾਂਦੇ-ਜਾਂਦੇ ਆਪਣੀਆਂ 6 ਵਿਕਟਾਂ ਸਿਰਫ 91 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਅੱਠਵੇਂ ਨੰਬਰ ਦੀ ਬੱਲੇਬਾਜ਼ ਸ਼ੈਨਲ ਡੈਲੀ ਨੇ 33 ਤੇ 9ਵੇਂ ਨੰਬਰ ਦੀ ਬੱਲੇਬਾਜ਼ ਐਫੀ ਫਲੇਚਰ ਨੇ ਅਜੇਤੂ 36 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ 183 ਦੌੜਾਂ ਤੱਕ ਪਹੁੰਚਾਇਆ।


Related News