ਸਮਿਥ ਨੂੰ 5ਵੀਂ ਸਟੰਪ ਦੀ ਲਾਈਨ ''ਤੇ ਗੇਂਦਬਾਜ਼ੀ ਕਰੋ : ਸਚਿਨ
Wednesday, Nov 25, 2020 - 01:39 AM (IST)
ਨਵੀਂ ਦਿੱਲੀ– ਮਹਾਨ ਬੱਲੇਬਾਜ਼ ਸਚਿਨ ਤੇਂਦਲੁਕਰ ਦਾ ਕਹਿਣਾ ਹੈ ਕਿ ਸਟੀਵ ਸਮਿਥ ਦੀ ਗੈਰ-ਰਵਾਇਤੀ ਤਕਨੀਕ ਦੇ ਕਾਰਣ ਭਾਰਤੀ ਗੇਂਦਬਾਜ਼ਾਂ ਨੂੰ ਉਸ ਨੂੰ ਥੋੜ੍ਹੀ ਬਾਹਰ ਗੇਂਦਬਾਜ਼ੀ ਕਰਨੀ ਪਵੇਗੀ। ਸਚਿਨ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਆਸਟਰੇਲੀਆ ਦੇ ਖਿਲਾਫ ਆਗਾਮੀ ਲੜੀ ਦੌਰਾਨ ਇਸ ਬੱਲੇਬਾਜ਼ ਨੂੰ 'ਪੰਜਵੀਂ ਸਟੰਪ' ਦੀ ਲਾਈਨ 'ਤੇ ਗੇਂਦਬਾਜ਼ੀ ਕਰੋ। ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਸ਼ਾਮਲ ਹੋਣ ਕਾਰਣ ਭਾਰਤ-ਆਸਟਰੇਲੀਆ ਵਿਚਾਲੇ 2018-19 ਵਿਚ ਹੋਈ ਪਿਛਲੀ ਲੜੀ ਵਿਚੋਂ ਬਾਹਰ ਰਿਹਾ ਸਮਿਥ ਇਸ ਵਾਰ ਇਸਦੀ ਭਰਪਾਈ ਲਈ ਤਿਆਰ ਹੋਵੇਗਾ। ਸਮਿਥ ਨੇ ਭਾਰਤ ਵਿਰੁੱਧ 6 ਟੈਸਟ ਸੈਂਕੜੇ ਲਾਏ ਹਨ।
ਸਚਿਨ ਨੇ ਕਿਹਾ,''ਆਮ ਤੌਰ 'ਤੇ ਟੈਸਟ ਮੈਚਾਂ ਵਿਚ ਅਸੀਂ ਗੇਂਦਬਾਜ਼ਾਂ ਨੂੰ ਆਫ ਸਟੰਪ ਜਾਂ ਚੌਥੇ ਸਟੰਪ ਦੀ ਲਾਈਨ ਦੇ ਨੇੜੇ-ਤੇੜੇ ਗੇਂਦਬਾਜ਼ੀ ਕਰਨ ਲਈ ਕਹਿੰਦੇ ਹਾਂ ਪਰ ਸਮਿਥ ਮੂਵ ਕਰਦਾ ਹੈ, ਇਸ ਲਈ ਸ਼ਾਇਦ ਗੇਂਦ ਦੀ ਲਾਈਨ 4 ਤੋਂ 5 ਇੰਚ ਹੋਰ ਅੱਗੇ ਹੋਣੀ ਚਾਹੀਦੀ ਹੈ।'' ਸਚਿਨ ਨੇ ਕਿਹਾ,''ਸਟੀਵ ਦੇ ਬੱਲੇ ਦਾ ਕਿਨਾਰਾ ਲੱਗ ਜਾਵੇ, ਇਸਦੇ ਲਈ ਚੌਥੀ ਤੇ ਪੰਜਵੀਂ ਸਟੰਪ ਵਿਚਾਲੇ ਦੀ ਲਾਈਨ 'ਤੇ ਗੇਂਦਬਾਜ਼ੀ ਕਰਨ ਦਾ ਟੀਚਾ ਬਣਾਉਣਾ ਚਾਹੀਦਾ ਹੈ। ਇਹ ਕੁਝ ਹੋਰ ਨਹੀਂ ਸਗੋਂ ਲਾਈਨ ਵਿਚ ਮਾਨਸਿਕ ਤੌਰ ਨਾਲ ਬਦਲਾਅ ਕਰਨਾ ਹੈ।''
ਉਸ ਨੇ ਕਿਹਾ,''ਮੈਂ ਪੜ੍ਹਿਆ ਹੈ ਕਿ ਸਮਿਥ ਨੇ ਕਿਹਾ ਹੈ ਕਿ ਉਹ ਸ਼ਾਰਟ ਪਿੱਚ ਗੇਂਦਬਾਜ਼ੀ ਲਈ ਤਿਆਰ ਹੈ, ਸੰਭਾਵਿਤ ਉਹ ਉਮੀਦ ਕਰ ਰਿਹਾ ਹੈ ਕਿ ਗੇਂਦਬਾਜ਼ ਸ਼ੁਰੂਆਤ ਤੋਂ ਹੀ ਉਸਦੇ ਵਿਰੁੱਧ ਹਮਲਾਵਰ ਰਵੱਈਆ ਅਪਣਾਉਣਗੇ ਪਰ ਮੈਨੂੰ ਲੱਗਦਾ ਹੈ ਕਿ ਆਫ ਸਟੰਪ ਦੇ ਬਾਹਰ ਵੱਲ ਉਸਦਾ ਟੈਸਟ ਲੈਣਾ ਚਾਹੀਦਾ ਹੈ। ਉਸ ਨੂੰ ਬੈਕਫੁੱਟ 'ਤੇ ਰੱਖੋ ਤੇ ਸ਼ੁਰੂਆਤ ਵਿਚ ਹੀ ਗਲਤੀ ਕਰਵਾਓ।''