ਕੁੱਟਮਾਰ ਦੇ ਕਈ ਦੋਸ਼ਾਂ ਵਿਚਾਲੇ ਸਲੇਟਰ ਫਿਰ ‘ਰਿਹੈਬਿਲੀਟੇਸ਼ਨ’ ਕੇਂਦਰ ’ਚ
Friday, Oct 14, 2022 - 06:27 PM (IST)
ਸਿਡਨੀ (ਭਾਸ਼ਾ) : ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਤੇ ਕੁਮੈਂਟੇਟਰ ਮਾਈਕਲ ਸਲੇਟਰ ਨੂੰ ਫਿਰ ਤੋਂ ‘ਰਿਹੈਬਿਲੀਟੇਸ਼ਨ’ ਲਈ ਭਰਤੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਹ ਕੁੱਟਮਾਰ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਆਸਟ੍ਰੇਲੀਆ ਲਈ 74 ਟੈਸਟ ਤੇ 42 ਵਨ ਡੇਅ ਖੇਡ ਚੁੱਕੇ ਸਲੇਟਰ ਨੂੰ ਇਸ ਸਾਲ ਸਤੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਉਸ ਨੂੰ ਮਾਨਸਿਕ ਸਿਹਤ ਦੀ ਜਾਂਚ ਲਈ ਭੇਜਿਆ ਗਿਆ। ਉਸ ’ਤੇ ਆਪਣੀ ਸਾਬਕਾ ਪਤਨੀ ’ਤੇ ਘਰੇਲੂ ਹਿੰਸਾ ਦਾ ਵੀ ਦੋਸ਼ ਲੱਗਿਆ ਸੀ। ਸਲੇਟਰ ਨੂੰ ‘ਚੈਨਲ ਸੈਵਨ’ ਨੇ ਕੁਮੈਂਟਟੇਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਕਿਉਂਕਿ ਉਸ ਨੇ 2021 ਵਿਚ ਆਸਟ੍ਰਲੀਆਈ ਸਰਕਾਰ ਦੀ ਕੋਵਿਡ-19 ਨਾਲ ਨਜਿੱਠਣ ਲਈ ਨਿਖੇਧੀ ਕੀਤੀ ਸੀ। ਸਲੇਟਰ ’ਤੇ 18 ਜੁਲਾਈ ਨੂੰ ਸਿਡਨੀ ਦੇ ਨਾਦਰਨ ਬੀਚੇਜ ਹਸਪਤਾਲ ਵਿਚ ਇਕ 36 ਸਾਲਾ ਵਿਅਕਤੀ ’ਤੇ ਕੁੱਟਮਾਰ ਦਾ ਦੋਸ਼ ਲੱਗਾ ਹੈ। ਉਹ 52 ਸਾਲਾ ਸਾਬਕਾ ਕ੍ਰਿਕਟਰ ਨਿਕੋਲਸ ਓਨੀਲ ਦਾ ਪਿੱਛਾ ਕਰਨ ਦੀ ਕੋਸ਼ਿਸ਼ ਤੇ ਉਸ ਨੂੰ ਧਮਕਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਹੇ ਹਨ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ‘‘ਮੁਲਜ਼ਮ ਨੇ ਪੀੜਤ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਸ ਦਾ ਇਰਾਦਾ ਉਸ ਨੂੰ ਸਰੀਰਕ ਤੇ ਮਾਨਸਿਕ ਨੁਕਸਾਨ ਪਹੁੰਚਾਉਣਾ ਸੀ।’’
ਇਹ ਖ਼ਬਰ ਵੀ ਪੜ੍ਹੋ - T20 World Cup : ਟਿਕਟਾਂ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕਾਂ 'ਚ ਭਾਰੀ ਕਰੇਜ਼, ਹੋ ਰਹੀ ਹੈ ਰਿਕਾਰਡ ਵਿਕਰੀ
ਸਲੇਟਰ ਬੁੱਧਵਾਰ ਨੂੰ ‘ਮੈਨਲੀ ਸਥਾਨਕ ਅਦਾਲਤ’ ਵਿਚ ਪੇਸ਼ ਨਹੀਂ ਹੋਇਆ। ਉਸ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੂੰ ‘ਰਿਹੈਬਿਲੀਟੇਸ਼ਨ’ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਹੈ, ਜਿਸ ਨਾਲ ਇਹ ਮਾਮਲਾ ਇਕ ਹਫਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।