ਸਕਿਲਿੰਗ ਓਪਨ ਸ਼ਤਰੰਜ : ਗਰੁੱਪ ਪੜਾਅ ’ਚ ਕਾਰਲਸਨ ਰਿਹਾ ਜੇਤੂ, ਵਿਦਿਤ ਪਲੇਅ-ਆਫ ਤੋਂ ਬਾਹਰ
Thursday, Nov 26, 2020 - 03:23 AM (IST)
ਨਾਰਵੇ (ਨਿਕਲੇਸ਼ ਜੈਨ)– ਚੈਂਪੀਅਨ ਚੈੱਸ ਟੂਰ ਦੇ ਪਹਿਲੇ ਪੜਾਅ ਸਕਿਲਿੰਗ ਓਪਨ ਸ਼ਤਰੰਜ ’ਚ ਹੁਣ ਗਰੁੱਪ ਪੜਾਅ ਦੇ ਮੁਕਾਬਲੇ ਪੂਰੇ ਹੋ ਗਏ ਹਨ। ਇਨ੍ਹਾਂ ’ਚ ਹੋਏ 15 ਰਾਊਂਡ ਰੋਬਿਨ ਮੁਕਾਬਲਿਆਂ ਤੋਂ ਬਾਅਦ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 9 ਅੰਕ ਬਣਾ ਕੇ ਟਾਈਬ੍ਰੇਕ ’ਚ ਪਹਿਲੇ ਸਥਾਨ ’ਤੇ ਰਹੇ ਜਦਕਿ ਇੰਨੇ ਹੀ ਅੰਕਾਂ ਨਾਲ ਅਮਰੀਕਾ ਦੇ ਿਹਕਾਰੂ ਨਾਕਾਮੂਰਾ ਟਾਈਬ੍ਰੇਕ ’ਚ ਦੂਜੇ ਸਥਾਨ ’ਤੇ ਰਹੇ ਅਤੇ ਅਾਸਾਨੀ ਨਾਲ ਪਲੇਅ-ਆਫ ’ਚ ਜਗ੍ਹਾ ਬਣਾ ਗਏ। ਇਨ੍ਹਾਂ ਦੋਵਾਂ ਤੋਂ ਇਲਾਵਾ 8.5 ਅੰਕ ਬਣਾ ਕੇ ਅਮਰੀਕਾ ਦੇ ਵੇਸਲੀ ਸੋ, ਰੂਸ ਦੇ ਇਯਾਨ ਨੇਪੋਂਨਿਯਚੀ, ਆਰਮੇਨੀਆ ਦੇ ਲੇਵੋਨ ਅਰੋਨੀਅਨ, 8 ਅੰਕ ਬਣਾ ਕੇ ਅਜਰਬੇਜਾਨ ਦੇ ਤਿਮੂਰ ਰਦਜਾਬੋਵ, ਫ੍ਰਾਂਸ ਦੇ ਮਕਸੀਮ ਲਾਗਰੇਵ ਅਤੇ ਨੀਦਰਲੈਂਡ ਦੇ ਅਨੀਸ਼ ਗਿਰੀ ਵੀ ਪਲੇਅ-ਆਫ ’ਚ ਪਹੁੰਚਣ ’ਚ ਸਫਲ ਰਹੇ।
ਵਿਦਿਤ ਦੀ ਸ਼ਾਨਦਾਰ ਖੇਡ ਪਰ ਪਲੇਅ-ਆਫ ’ਚੋਂ ਬਾਹਰ
ਆਖਰੀ ਦਿਨ ਭਾਰਤੀ ਗ੍ਰਾਂਡ ਮਾਸਟਰ ਵਿਦਿਤ ਗੁਜਰਾਤੀ ਨੇ ਆਨਲਾਈਨ ਸਕਿਲਿੰਗ ਓਪਨ ’ਚ ਸ਼ਾਨਦਾਰ ਖੇਡ ਦਿਖਾਈ ਅਤੇ ਰੂਸ ਦੇ ਪੀਟਰ ਸਵਿਡਲਰ ਅਤੇ ਸਪੇਨ ਦੇ ਡੇਵਿਡ ਅੰਟੋਨ ’ਤੇ ਜਿੱਤ ਹਾਸਲ ਕੀਤੀ ਜਦਕਿ ਰੂਸ ਦੇ ਇਯਾਨ ਅਤੇ ਅਜਰਬੇਜਾਨ ਦੇ ਰਦਜਾਬੋਵ ਨਾਲ ਮੁਕਾਬਲੇ ਡਰਾਅ ਖੇਡੇ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਵੀ ਉਨ੍ਹਾਂ ਨੇ ਲਗਭਗ ਬਾਜ਼ੀ ਡਰਾਅ ਕਰ ਲਈ ਸੀ ਪਰ ਆਖਿਰ ’ਚ ਹਾਰ ਗਏ। 16 ਖਿਡਾਰੀਆਂ ਵਿਰੁੱਧ 15 ਰਾਊਂਡ ’ਚ ਵਿਦਿਤ ਨੇ 9 ਡਰਾਅ, 2 ਜਿੱਤਾਂ ਅਤੇ 4 ਹਾਰਾਂ ਦੇ ਨਾਲ ਕੁੱਲ 6.5 ਅੰਕ ਹਾਸਲ ਕੀਤੇ ਅਤੇ 12ਵੇਂ ਸਥਾਨ ’ਤੇ ਰਹੇ।