IPL 'ਚ ਛੱਕਿਆਂ ਦੇ ਨਵੇਂ ਸਿਖਰ 'ਤੇ ਪਹੁੰਚ ਸਕਦੈ 'ਸਿਕਸਰ ਕਿੰਗ' ਗੇਲ

Thursday, Sep 10, 2020 - 10:16 PM (IST)

IPL 'ਚ ਛੱਕਿਆਂ ਦੇ ਨਵੇਂ ਸਿਖਰ 'ਤੇ ਪਹੁੰਚ ਸਕਦੈ 'ਸਿਕਸਰ ਕਿੰਗ' ਗੇਲ

ਨਵੀਂ ਦਿੱਲੀ- ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਕਾਰਣ ਦੁਨੀਆ ਭਰ ਦੀਆਂ ਟੀ-20 ਲੀਗਾਂ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਣ ਵਾਲਾ ਕ੍ਰਿਸ ਗੇਲ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੌਰਾਨ ਕ੍ਰਿਕਟ ਦੇ ਇਸ ਛੋਟੇ ਫਾਰਮੈੱਟ ਵਿਚ 1000 ਛੱਕੇ ਲਾਉਣ ਵਾਲਾ ਵਿਸ਼ਵ ਦਾ ਪਹਿਲਾ ਕ੍ਰਿਕਟਰ ਬਣ ਸਕਦਾ ਹੈ। ਆਈ. ਪੀ. ਐੱਲ. ਵਿਚ ਸਭ ਤੋਂ ਵੱਧ 326 ਛੱਕੇ ਲਾਉਣ ਵਾਲੇ ਗੇਲ ਨੇ ਟੀ-20 ਕ੍ਰਿਕਟ ਵਿਚ ਹੁਣ ਤਕ 978 ਛੱਕੇ ਲਾਏ ਹਨ ਤੇ ਇਸ ਤਰ੍ਹਾਂ ਉਸ ਨੂੰ 1000 ਦਾ ਜਾਦੂਈ ਅੰਕੜਾ ਛਾਹੂੰਣ ਲਈ ਸਿਰਫ 22 ਛੱਕਿਆਂ ਦੀ ਲੋੜ ਹੈ। ਗੇਲ ਅਜੇ ਤਕ ਆਈ. ਪੀ. ਐੱਲ. ਵਿਚ 11 ਸੈਸ਼ਨ ਖੇਡ ਚੁੱਕਾ ਹੈ ਤੇ ਇਨ੍ਹਾਂ ਵਿਚੋਂ 6 ਮੌਕਿਆਂ 'ਤੇ ਉਸ ਨੇ 22 ਤੋਂ ਵੱਧ ਛੱਕੇ ਲਾਏ ਹਨ।

PunjabKesari
ਟੀ-20 ਵਿਚ ਸਭ ਤੋਂ ਵੱਧ ਚੌਕੇ (1026) ਲਗਾਉਣ ਦਾ ਰਿਕਾਰਡ ਵੀ ਗੇਲ ਦੇ ਨਾਂ ਹੈ। ਗੇਲ ਨਿੱਜੀ ਕਾਰਣਾਂ ਤੋਂ ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਵਿਚ ਨਹੀਂ ਖੇਡਿਆ ਸੀ ਪਰ ਆਈ. ਪੀ. ਐੱਲ. ਵਿਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਤਿਆਰ ਹੈ, ਜਿਸ ਵਲੋਂ ਪਿਛਲੇ ਸਾਲ ਉਸਨੇ 34 ਛੱਕੇ ਤੇ 2018 ਵਿਚ 27 ਛੱਕੇ ਲਾਏ ਸਨ। ਗੇਲ ਇਕਲੌਤਾ ਅਜਿਹਾ ਬੱਲੇਬਾਜ਼ ਹੈ, ਜਿਸ ਨੇ ਆਈ. ਪੀ. ਐੱਲ. ਦੇ ਚਾਰ ਟੂਰਨਾਮੈਂਟਾਂ ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਬਣਾਇਆ ਸੀ। ਉਸ ਨੇ 2011 (44 ਛੱਕੇ), 2012 (59 ਛੱਕੇ), 2013 (51 ਛੱਕੇ), 2015 (38 ਛੱਕੇ) ਵਿਚ ਰਾਇਲ ਚੈਲੰਜ਼ਰਜ਼ ਬੈਂਗਲੁਰੂ (ਆਰ. ਸੀ. ਬੀ.) ਵਲੋਂ ਖੇਡਦੇ ਹੋਏ ਇਹ ਰਿਕਾਰਡ ਬਣਾਇਆ ਸੀ। ਉਹ ਆਗਾਮੀ ਆਈ. ਪੀ. ਐੱਲ. ਦੌਰਾਨ 21 ਸਤੰਬਰ ਨੂੰ ਆਪਣਾ 41ਵਾਂ ਜਨਮ ਦਿਨ ਮਨਾਏਗਾ। ਵੈਸਟਇੰਡੀਜ਼ ਦੇ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ 2013 ਵਿਚ ਆਰ. ਸੀ. ਬੀ. ਵਲੋਂ ਪੁਣੇ ਵਾਰੀਅਰਸ ਵਿਰੁੱਧ ਅਜੇਤੂ 175 ਦੌੜਾਂ ਦੀ ਆਪਣੀ ਰਿਕਾਰਡ ਪਾਰੀ ਦੌਰਾਨ 17 ਛੱਕੇ ਲਾਏ ਸਨ, ਜਿਹੜੇ ਆਈ. ਪੀ. ਐੱਲ. ਦਾ ਰਿਕਾਰਡ ਹੈ।
ਟੀ-20 ਵਿਚ ਕਿਸੇ ਇਕ ਮੈਚ ਵਿਚ ਸਭ ਤੋਂ ਵੱਧ 18 ਛੱਕੇ ਲਾਉਣ ਦਾ ਰਿਕਾਰਡ ਵੀ ਗੇਲ ਦੇ ਨਾਂ 'ਤੇ ਹੈ ਪਰ ਉਸ ਨੇ ਇਹ ਕਾਰਨਾਮਾ 2017 ਵਿਚ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਕੀਤਾ ਸੀ। ਆਈ. ਪੀ. ਐੱਲ. ਵਿਚ ਗੇਲ ਤੋਂ ਬਾਅਦ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਬੱਲੇਬਾਜ਼ਾਂ ਵਿਚ ਏ. ਬੀ. ਡਿਵਿਲੀਅਰਸ (212) ਤੇ ਮਹਿੰਦਰ ਸਿੰਘ ਧੋਨੀ (209) ਸ਼ਾਮਲ ਹਨ। ਓਵਰਆਲ ਸੂਚੀ ਵਿਚ ਵੀ ਗੇਲ ਤੋਂ ਬਾਅਦ ਵੈਸਟਇੰਡੀਜ਼ ਦੇ ਇਕ ਹੋਰ ਧਮਾਕਾਦਰ ਬੱਲੇਬਾਜ਼ ਕੀਰੋਨ ਪੋਲਾਰਡ (672) ਦਾ ਨਾਂ ਨੰਬਰ ਆਉਂਦਾ ਹੈ ਪਰ ਉਹ ਉਸ ਤੋਂ ਕਾਫੀ ਪਿੱਛੇ ਹੈ।
ਇਹ ਹੀ ਨਹੀਂ ਟੀ-20 ਵਿਚ ਸਭ ਤੋਂ ਵੱਧ ਦੌੜਾਂ (13,296), ਸਭ ਤੋਂ ਵੱਧ ਸੈਂਕੜੇ (22), ਸਭ ਤੋਂ ਵੱਧ ਅਰਧ ਸੈਂਕੜੇ (82), ਇਕ ਪਾਰੀ ਵਿਚ ਸਰਵਉੱਚ ਸਕੋਰ (ਅਜੇਤੂ 175), ਸਭ ਤੋਂ ਤੇਜ਼ ਸੈਂਕੜਾ (30 ਗੇਂਦਾਂ 'ਚ), ਹਾਰਨ ਵਾਲੀ ਟੀਮ ਵਲੋਂ ਮੈਚ ਵਿਚ ਸਭ ਤੋਂ ਵੱਧ ਦੌੜਾਂ (ਅਜੇਤੂ 151), ਇਕ ਕੈਲੰਡਰ ਸਾਲ ਵਿਚ ਸਭ ਤੋਂ ਵੱਧ ਦੌੜਾਂ (2015 ਵਿਚ 1665), ਸਭ ਤੋਂ ਵੱਧ ਵਾਰ 'ਮੈਨ ਆਫ ਦਿ ਮੈਚ' ਐਵਾਰਡ (58) ਤੇ ਇਕ ਪਾਰੀ ਵਿਚ ਚੌਕਿਆਂ-ਛੱਕਿਆਂ ਨਾਲ ਸਭ ਤੋਂ ਵੱਧ ਦੌੜਾਂ (154 ਬਨਾਮ ਪੁਣੇ ਵਾਰੀਅਰਸ) ਦਾ ਰਿਕਾਰਡ ਵੀ ਗੇਲ ਦੇ ਨਾਂ 'ਤੇ ਹੈ ਪਰ ਆਈ. ਪੀ. ਐੱਲ. ਦੌਰਾਨ ਇਕ ਅਜਿਹਾ ਰਿਕਾਰਡ ਵੀ ਬਣ ਸਕਦਾ ਹੈ, ਜਿਸਦੇ ਨੇੜੇ ਉਹ ਕਦੇ ਵੀ ਨਹੀਂ ਜਾਣਾ ਚਾਹੇਗਾ, ਇਹ ਰਿਕਾਰਡ ਹੈ ਟੀ-20 ਵਿਚ ਸਭ ਤੋਂ ਵੱਧ ਵਾਰ ਖਾਤਾ ਨਾ ਖੋਲ੍ਹੇ ਬਿਨਾਂ ਅਰਥਾਤ ਜ਼ੀਰੋ 'ਤੇ ਆਊਟ ਹੋਣ ਦਾ। ਗੇਲ ਟੀ-20 ਵਿਚ ਹੁਣ ਤਕ 27 ਵਾਰ ਖਾਤਾ ਖੋਲ੍ਹਣ ਵਿਚ ਅਸਫਲ ਰਿਹਾ ਹੈ ਤੇ ਇਸ ਮਾਮਲੇ ਵਿਚ ਉਹ ਪਾਕਿਸਤਾਨ ਦੇ ਉਮਰ ਅਕਮਲ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਵੈਸਟਇੰਡੀਜ਼ ਦਾ ਹੀ ਡਵੇਨ ਸਮਿਥ (28) ਹੈ। ਦਿਲਚਸਪ ਗੱਲ ਇਹ ਹੈ ਕਿ ਟੀ-20 ਵਿਚ ਜ਼ੀਰੋ 'ਤੇ ਆਊਟ ਹੋਏ ਬਿਨਾਂ ਸਭ ਤੋਂ ਵੱਧ ਪਾਰੀਆਂ (145) ਖੇਡਣ ਦਾ ਰਿਕਾਰਡ ਵੀ ਗੇਲ ਦੇ ਨਾਂ 'ਤੇ ਦਰਜ ਹੈ। ਇਹ ਰਿਕਾਰਡ ਉਸ ਨੇ 10 ਫਾਰਵਰੀ 2012 ਤੋਂ 5 ਫਰਵਰੀ 2016 ਵਿਚਾਲੇ ਬਣਾਇਆ ਸੀ।


author

Gurdeep Singh

Content Editor

Related News