ਸ਼੍ਰੀਕਾਂਤ ਦੀ ਜਿੱਤ, ਸਿੰਧੂ, ਪ੍ਰਣਯ ਸਿੰਗਾਪੁਰ ਓਪਨ ਤੋਂ ਬਾਹਰ

06/06/2023 11:20:55 PM

ਸਿੰਗਾਪੁਰ- ਕਿਦਾਂਬੀ ਸ਼੍ਰੀਕਾਂਤ ਮੰਗਲਵਾਰ ਨੂੰ ਦੂਜੇ ਦੌਰ ਵਿੱਚ ਪਹੁੰਚ ਗਏ ਪਰ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਐਚ. ਐਸ. ਪ੍ਰਣਯ ਨੂੰ ਇੱਥੇ ਸਿੰਗਾਪੁਰ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ ਹਨ।

ਵਿਸ਼ਵ ਚੈਂਪੀਅਨਸ਼ਿਪ 2021 ਦੇ ਚਾਂਦੀ ਦਾ ਤਗ਼ਮਾ ਜੇਤੂ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਥਾਈਲੈਂਡ ਦੇ ਕੇਂਟਾਫੋਨ ਵੇਂਗਚਾਰੋਨ ਨੂੰ ਸਿੱਧੇ ਗੇਮਾਂ ਵਿੱਚ 21-15, 21-19 ਨਾਲ ਹਰਾਇਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਦਾ ਅਗਲਾ ਮੁਕਾਬਲਾ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਅਤੇ ਚੀਨੀ ਤਾਈਪੇ ਦੇ ਚਿਆਓ ਹਾਓ ਲੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

ਇਹ ਵੀ ਪੜ੍ਹੋ : WTC 2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਜਾਣੋ ਮੈਚ ਨਾਲ ਸਬੰਧਤ ਖਾਸ ਗੱਲਾਂ ਬਾਰੇ

ਮੌਜੂਦਾ ਚੈਂਪੀਅਨ ਸਿੰਧੂ ਨੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਜਾਪਾਨ ਦੀ ਅਕਾਨੇ ਯਾਮਾਗੁਚੀ ਖ਼ਿਲਾਫ਼ ਸਖ਼ਤ ਸੰਘਰਸ਼ ਕੀਤਾ ਪਰ ਇਸ ਦੇ ਬਾਵਜੂਦ ਇੱਕ ਘੰਟੇ ਤੱਕ ਚੱਲੇ ਮੈਚ ਵਿੱਚ ਤਿੰਨ ਗੇਮਾਂ 'ਚ 21-18, 19-21, 17-21 ਨਾਲ ਹਾਰ ਗਈ। ਉਹ ਪਿਛਲੇ ਹਫ਼ਤੇ ਥਾਈਲੈਂਡ ਓਪਨ ਦੇ ਪਹਿਲੇ ਦੌਰ ਵਿੱਚ ਵੀ ਹਾਰ ਗਈ ਸੀ। 

ਮਲੇਸ਼ੀਆ ਮਾਸਟਰਸ 'ਚ ਆਪਣਾ ਪਹਿਲਾ ਬੀ. ਡਬਲਿਊ. ਐੱਫ. ਖਿਤਾਬ ਜਿੱਤਣ ਤੋਂ ਬਾਅਦ ਟੂਰਨਾਮੈਂਟ 'ਚ ਪ੍ਰਵੇਸ਼ ਕਰਨ ਵਾਲੇ ਪ੍ਰਣਯ ਕੋਲ ਨੌਜਵਾਨ ਕੋਡਾਈ ਨੇਰੋਕਾ ਦੀ ਚੁਣੌਤੀ ਦਾ ਕੋਈ ਜਵਾਬ ਨਹੀਂ ਸੀ। ਜਾਪਾਨ ਦੇ ਤੀਜਾ ਦਰਜਾ ਪ੍ਰਾਪਤ ਖਿਡਾਰੀ ਨੇ ਇਹ ਮੈਚ 56 ਮਿੰਟ ਵਿੱਚ 21-15, 21-19 ਨਾਲ ਜਿੱਤ ਲਿਆ। ਐੱਮ. ਆਰ. ਅਰਜੁਨ ਅਤੇ ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਜੋੜੀ ਹਾਲਾਂਕਿ ਆਪਣੇ ਪਹਿਲੇ ਦੌਰ ਦੇ ਮੁਕਾਬਲੇ ਵਿੱਚ ਲੁਕਾਸ ਕਾਰਵੀ ਅਤੇ ਰੋਨਨ ਲਾਬਰ ਦੀ ਜੋੜੀ ਨੂੰ 21-16, 21-15 ਨਾਲ ਹਰਾਉਣ ਵਿੱਚ ਕਾਮਯਾਬ ਰਹੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
     


Tarsem Singh

Content Editor

Related News