ਸਿੰਧੂ ਸਿੰਗਾਪੁਰ ਓਪਨ ’ਚ ਜਿੱਤੀ, ਸਾਤਵਿਕ-ਚਿਰਾਗ ਵੀ ਅੱਗੇ ਵਧੇ

Wednesday, May 27, 2026 - 11:26 AM (IST)

ਸਿੰਧੂ ਸਿੰਗਾਪੁਰ ਓਪਨ ’ਚ ਜਿੱਤੀ, ਸਾਤਵਿਕ-ਚਿਰਾਗ ਵੀ ਅੱਗੇ ਵਧੇ

ਸਿੰਗਾਪੁਰ- ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਮੰਗਲਵਾਰ ਨੂੰ ਇਥੇ 5ਵਾਂ ਦਰਜਾ ਪ੍ਰਾਪਤ ਪੁੱਤਰੀ ਕੁਸੁਮਾ ਵਰਦਾਨੀ ਨੂੰ ਸਿੱਧੀ ਗੇਮ ’ਚ ਹਰਾ ਕੇ ਸਿੰਗਾਪੁਰ ਓਪਨ ’ਚ ਮਹਿਲਾ ਸਿੰਗਲ ਦੇ ਦੂਜੇ ਦੌਰ ’ਚ ਪਹੁੰਚ ਗਈ। 30 ਸਾਲਾ 2 ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ 10 ਲੱਖ ਡਾਲਰ ਇਨਾਮੀ ਇਸ ਸੁਪਰ 750 ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ’ਚ ਦੁਨੀਆ ਦੀ 6ਵੇਂ ਨੰਬਰ ਦੀ ਇੰਡੋਨੇਸ਼ੀਆਈ ਖਿਡਾਰਨ ਨੂੰ 21-17, 21-18 ਨਾਲ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਅਗਲਾ ਮੁਕਾਬਲਾ ਜਾਪਾਨ ਦੀ ਰੀਕੋ ਗੁੰਜੀ ਨਾਲ ਹੋਵੇਗਾ।

ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਪੁਰਸ਼ ਡਬਲਜ਼ ਜੋੜੀ ਵੀ ਸ਼ੁਰੂਆਤੀ ਦੌਰ ’ਚ ਚੇਨ ਝੀ ਯੀ ਤੇ ਪ੍ਰੈਸਲੀ ਸਮਿੱਥ ਦੀ ਮਲੇਸ਼ੀਆ ਦੀ ਦੁਨੀਆ ਦੀ 25ਵੇਂ ਨੰਬਰ ਦੀ ਜੋੜੀ ਨੂੰ 26-28, 21-15, 21-13 ਨਾਲ ਹਰਾ ਕੇ ਅਗਲੇ ਦੌਰ ’ਚ ਪਹੁੰਚ ਗਈ। ਦੁਨੀਆ ਦੀ ਚੌਥੇ ਨੰਬਰ ਦੀ ਭਾਰਤੀ ਜੋੜੀ ਅਗਲੇ ਦੌਰ ’ਚ ਲੀ ਝੇ-ਹੁਈ ਤੇ ਯਾਂਗ ਪੋ-ਸੁਆਨ ਦੀ ਚੀਨੀ ਤਾਈਪੇ ਦੀ ਜੋੜੀ ਅਤੇ ਲਿਊ ਯਾਂਗ ਤੇ ਹੁਆਗ ਡਿ ਦੀ ਚੀਨ ਦੀ ਜੋੜੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗੀ।

ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਗ੍ਹਾ ਬਣਾਉਣ ਵਾਲਾ ਉਭਰਦਾ ਹੋਇਆ ਭਾਰਤੀ ਬੈਡਮਿੰਟਨ ਖਿਡਾਰੀ ਆਯੁਸ਼ ਸ਼ੈੱਟੀ ਹਾਲਾਂਕਿ 65 ਮਿੰਟ ਤੱਕ ਚੱਲੇ ਪੁਰਸ਼ ਸਿੰਗਲ ਮੁਕਾਬਲੇ ’ਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਵਿਕਟਰ ਐਕਸਲਸਨ ਵਿਰੁੱਧ 21-11, 14-21, 12-21 ਨਾਲ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਉੱਨਤੀ ਹੁੱਡਾ ਵੀ ਮਹਿਲਾ ਸਿੰਗਲ ’ਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਤੇ 8ਵਾਂ ਦਰਜਾ ਪ੍ਰਾਪਤ ਟੋਮੋਕਾ ਮੀਯਾਜ਼ਾਕੀ ਦੇ ਹੱਥੋਂ 14-21, 10-21 ਨਾਲ ਹਾਰ ਕੇ ਟੂਰਨਾਮੈਂਟ ’ਚੋਂ ਜਲਦੀ ਬਾਹਰ ਹੋ ਗਈ।

ਮਹਿਲਾ ਡਬਲਜ਼ ’ਚ ਭਾਰਤ ਦੀ ਕਵਿਪ੍ਰਿਯਾ ਸੇਲਵਮ ਅਤੇ ਸਿਮਰਨ ਸਿੰਘੀ ਵੀ 48 ਮਿੰਟ ’ਚ ਪਾਉਲਾ ਲੋਪੇਜ਼ ਤੇ ਲੂਸੀਆ ਰੋਡ੍ਰਿਗਜ਼ ਦੀ ਸਪੇਨ ਦੀ ਜੋੜੀ ਤੋਂ ਹਾਰ ਕੇ ਬਾਹਰ ਹੋ ਗਈਆਂ। ਅਸ਼ਵਿਨੀ ਭੱਟ ਕੇ ਅਤੇ ਸ਼ਿਖਾ ਗੌਤਮ ਵੀ ਚਾਂਗ ਚਿੰਗ ਹੁਈ ਤੇ ਯਾਂਗ ਚਿੰਗ ਟੁਨ ਦੀ ਚੀਨੀ ਤਾਈਪੇ ਦੀ ਜੋੜੀ ਤੋਂ ਹਾਰ ਗਈਆਂ। ਲਕਸ਼ੈ ਸੇਨ, ਐੱਚ. ਐੱਸ. ਪ੍ਰਣਯ ਤੇ ਮਾਲਵਿਕਾ ਬੰਸੋੜ ਬੁਧਵਾਰ ਨੂੰ ਆਪਣੇ ਮੁਹਿੰਮ ਦੀ ਸ਼ੁਰੂਆਤ ਕਰਨਗੇ।


author

Tarsem Singh

Content Editor

Related News