ਬੁਡਾਪੇਸਟ ਰੈਂਕਿੰਗ ਸੀਰੀਜ਼ ’ਚ ਕਾਜਲ ਨੂੰ ਸੋਨ, ਅੰਤਿਮ ਤੇ ਨੇਹਾ ਨੂੰ ਮਿਲੇ ਚਾਂਦੀ ਦੇ ਤਮਗੇ
Monday, Jul 20, 2026 - 10:28 AM (IST)
ਬੁਡਾਪੇਸਟ- ਮੌਜੂਦਾ ਅੰਡਰ-20 ਵਿਸ਼ਵ ਚੈਂਪੀਅਨ ਕਾਜਲ ਨੇ ਬੁਡਾਪੇਸਟ ਰੈਂਕਿੰਗ ਸੀਰੀਜ਼ ਕੁਸ਼ਤੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੇ 76 ਕਿਲੋਗ੍ਰਾਮ ਵਰਗ ’ਚ ਸੋਨ ਤਮਗਾ ਜਿੱਤਿਆ। ਸੋਨ ਤਮਗੇ ਲਈ ਹੋਏ ਰੋਮਾਂਚਕ ਮੁਕਾਬਲੇ ’ਚ ਅਮਰੀਕਾ ਦੀ ਡਾਇਮੰਡ ਪ੍ਰੇਸ਼ੀਅਸ ਗਿਲਫੋਰਡ ਦਾ ਸਾਹਮਣਾ ਕਰਦੇ ਹੋਏ ਨੌਜਵਾਨ ਭਾਰਤੀ ਪਹਿਲਵਾਨ ਕਾਜਲ ਨੇ ਦਬਾਅ ਦੇ ਬਾਵਜੂਦ ਬਹੁਤ ਸਮਝਦਾਰੀ ਤੇ ਸਬਰ ਦਿਖਾਇਆ। ਇਹ ਸਖਤ ਮੁਕਾਬਲਾ 3-3 ਦੀ ਬਰਾਬਰੀ ’ਤੇ ਖਤਮ ਹੋਇਆ ਪਰ ਕਾਜਲ ਨੇ ਕ੍ਰਾਈਟੇਰੀਆ ਦੇ ਆਧਾਰ ’ਤੇ ਚੈਂਪੀਅਨਸ਼ਿਪ ਜਿੱਤੀ ਜਿਸ ਨਾਲ ਭਾਰਤ ਨੂੰ ਟੂਰਨਾਮੈਂਟ ਦਾ ਤੀਸਰਾ ਸੋਨ ਤਮਗਾ ਮਿਲਿਆ।
ਭਾਰਤ ਨੇ 53 ਕਿਲੋਗ੍ਰਾਮ ਤੇ 57 ਕਿਲੋਗ੍ਰਾਮ ਵਰਗ ’ਚ 2 ਚਾਂਦੀ ਤਮਗੇ ਆਪਣੇ ਨਾਂ ਕੀਤੇ। ਅੰਤਿਮ ਪੰਘਾਲ ਨੂੰ 53 ਕਿਲੋਗ੍ਰਾਮ ਚੈਂਪੀਅਨਸ਼ਿਪ ਦੇ ਫਾਈਨਲ ’ਚ ਜ਼ਖ਼ਮੀ ਹੋਣ ਦੇ ਕਾਰਨ ਸਵੀਡਨ ਦੀ ਐਮਾ ਜੋਨਾ ਡੇਨਿਸ ਮਾਲਮਗ੍ਰੀਨ ਵਿਰੁੱਧ ਸੋਨ ਤਮਗੇ ਦਾ ਮੁਕਾਬਲਾ ਹਾਰਨ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਉੱਥੇ ਹੀ, 57 ਕਿਲੋਗ੍ਰਾਮ ਵਰਗ ’ਚ ਨੇਹਾ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ’ਚ ਜਗ੍ਹਾ ਬਣਾਈ ਪਰ ਫਾਈਨਲ ’ਚ ਚੀਨ ਦੀ ਕੇਕਸਿਨ ਹੋਂਗ ਵਿਰੁੱਧ 0-4 ਨਾਲ ਹਾਰ ਗਈ ਤੇ ਦੂਸਰੇ ਸਥਾਨ ’ਤੇ ਰਹੀ।
ਭਾਰਤ ਨੇ 53 ਕਿਲੋਗ੍ਰਾਮ ਵਰਗ ’ਚ ਇਕ ਹੋਰ ਤਮਗਾ ਹਾਸਲ ਕੀਤਾ ਜਦੋਂ ਨਿਸ਼ੂ ਨੇ ਸਖਤ ਮੁਕਾਬਲੇ ਤੋਂ ਬਾਅਦ ਕਾਂਸੀ ਤਮਗਾ ਜਿੱਤਿਆ। ਰੋਮਾਨੀਆ ਦੀ ਐਂਡ੍ਰੀਆ ਬੀਟ੍ਰਿਸ ਐਨਾ ਵਿਰੁੱਧ ਰਣਨੀਤਿਕ ਰੂਪ ਨਾਲ ਸਖਤ ਮੁਕਾਬਲੇ ’ਚ ਨਿਸ਼ੂ ਨੇ ਜ਼ਬਰਦਸਤ ਡਿਫੈਂਸ ਦਿਖਾਇਆ। ਮੁਕਾਬਲਾ 2-2 ਨਾਲ ਬਰਾਬਰੀ ’ਤੇ ਖਤਮ ਹੋਇਆ ਪਰ ਭਾਰਤੀ ਪਹਿਲਵਾਨ ਨੂੰ ਕ੍ਰਾਈਟੇਰੀਆ ਦੇ ਆਧਾਰ ’ਤੇ ਜੇਤੂ ਐਲਾਨਿਆ ਗਿਆ ਤੇ ਉਸ ਨੇ ਪੋਡੀਅਮ ’ਚ ਜਗ੍ਹਾ ਪੱਕੀ ਕੀਤੀ।
ਭਾਰਤ ਨੇ ਹੁਣ ਤੱਕ ਟੂਰਨਾਮੈਂਟ ’ਚ ਕੁੱਲ 12 ਤਮਗੇ ਜਿੱਤ ਲਏ ਹਨ ਜਿਨ੍ਹਾਂ ’ਚ 3 ਸੋਨ, 4 ਚਾਂਦੀ ਤੇ 5 ਕਾਂਸੀ ਤਮਗੇ ਸ਼ਾਮਲ ਹਨ। ਭਾਰਤੀ ਖਿਡਾਰੀ ਹੁਣ ਗ੍ਰੀਕੋ ਰੋਮਨ ਸ਼ੈਲੀ ’ਚ ਹਿੱਸਾ ਲੈਣਗੇ।
