ਵਲਰਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਪੀ.ਵੀ ਸਿੰਧੂ ਨੇ ਰਚਿਆ ਇਤਿਹਾਸ

08/25/2019 6:58:05 PM

ਸਪੋਰਸਟ ਡੈਸਕ— ਓਲੰਪਿਕ ਸਿਲਵਰ ਮੈਡਲ ਜੇਤੂ ਪੀ.ਵੀ. ਸਿੰਧੂ ਨੇ ਐਤਵਾਰ ਨੂੰ ਸਵਿੱਟਜ਼ਰਲੈਂਡ ਵਿਚ ਬੀਡਬਲਿਊਐਫ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2019 ਦੇ ਫਾਈਨਲ ਵਿਚ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਇਤਿਹਾਸ ਰੱਚ ਦਿੱਤਾ ਹੈ। ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2019 ਦੇ ਫਾਈਨਲ ਵਿਚ ਸਿੰਧੂ ਨੇ ਜਿੱਤ ਦਰਜ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਹੈ। ਵਿਸ਼ਵ ਰੈਂਕਿੰਗ ਵਿਚ ਪੰਜਵੇਂ ਨੰਬਰ 'ਤੇ ਕਾਬਜ਼ ਸਿੰਧੂ ਨੇ ਓਕੁਹਾਰਾ ਨੂੰ ਸਿੱਧੀ ਗੇਮ ਵਿਚ 21-7, 21-7 ਨਾਲ ਹਰਾਇਆ। ਇਹ ਮੁਕਾਬਲਾ 37 ਮਿੰਟ ਤੱਕ ਚੱਲਿਆ। ਇਸ ਜਿੱਤ ਦੇ ਨਾਲ ਹੀ ਸਿੰਧੂ ਨੇ ਓਕੁਹਾਰਾ ਖਿਲਾਫ ਆਪਣਾ ਕਰੀਅਰ ਰਿਕਾਰਡ 9-7 ਦਾ ਕਰ ਲਿਆ ਹੈ।

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੈਨਿਸ ਸਟਾਰ ਪੀ.ਵੀ. ਸਿੰਧੂ ਨੇ ਇੱਥੇ ਆਲ ਇੰਗਲੈਂਡ ਚੈਂਪੀਅਨ ਚੇਨ ਯੂ ਫੇਈ ’ਤੇ ਸਿੱਧੇ ਗੇਮ ਵਿੱਚ ਮਿਲੀ ਜਿੱਤ ਨਾਲ ਲਗਾਤਾਰ ਤੀਜੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਉਹ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗਮਾ ਜਿੱਤਣ ਵਿਚ ਸਫਲ ਹੋ ਗਈ ਹੈ। ਸਿੰਧੂ ਨੇ ਇਸ ਵਕਾਰੀ ਟੂਰਨਾਮੈਂਟ ਦੇ ਪਿਛਲੇ ਦੋ ਗੇੜਾਂ ਵਿੱਚ ਲਗਾਤਾਰ ਚਾਂਦੀ ਦੇ ਤਗ਼ਮੇ ਜਿੱਤੇ ਸਨ ਅਤੇ ਇਸ ਤੋਂ ਇਲਾਵਾ ਉਸ ਦੇ ਨਾਂ ਦੋ ਕਾਂਸੀ ਤਗ਼ਮੇ ਵੀ ਹਨ।

ਹੈਦਰਾਬਾਦ ਦੀ ਖਿਡਾਰਨ ਪੀ.ਵੀ. ਸਿੰਧੂ ਨੇ 40 ਮਿੰਟਾਂ ਤੱਕ ਚੱਲੇ ਸੈਮੀ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਚੇਨ ਯੂ ਫੇਈ ਨੂੰ 21-7, 21-14 ਨਾਲ ਮਾਤ ਦਿੱਤੀ। 24 ਸਾਲਾ ਭਾਰਤੀ ਖਿਡਾਰਨ ਦਾ ਥਾਈਲੈਂਡ ਦੀ 2013 ਦੀ ਵਿਸ਼ਵ ਚੈਂਪੀਅਨ ਰਤਚਾਨੋਕ ਇੰਤਾਨੋਨ ਅਤੇ ਜਾਪਾਨ ਦੀ 2017 ਦੀ ਜੇਤੂ ਨੋਜ਼ੋਮੀ ਓਕੂਹਾਰਾ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਭਿੜੀ। ਓਲੰਪਿਕ ਤਗ਼ਮਾ ਜੇਤੂ ਸਿੰਧੂ ਦਾ ਮੈਚ ਤੋਂ ਪਹਿਲਾਂ ਚੇਨ ਖ਼ਿਲਾਫ਼ ਰਿਕਾਰਡ 5-3 ਦਾ ਸੀ। ਉਸ ਨੇ ਸ਼ੁਰੂ ਵਿੱਚ ਤੇਜ਼ੀ ਨਾਲ ਬੜ੍ਹਤ ਬਣਾਈ। ਸਿੰਧੂ ਨੇ ਤੇਜ਼ ਰਫ਼ਤਾਰ ਸ਼ਾਟ ਨਾਲ ਕਮਜ਼ੋਰ ਰਿਟਰਨ ਦਾ ਫ਼ਾਇਦਾ ਉਠਾਇਆ ਅਤੇ ਆਪਣੀ ਵਿਰੋਧੀ ਖਿਡਾਰਨ ਨੂੰ ਹਰਾ ਦਿੱਤਾ।


Related News