PV ਸਿੰਧੂ ਫਿਰ ਚੁਣੀ ਗਈ BWF ਐਥਲੀਟ ਕਮਿਸ਼ਨ ਦੀ ਮੈਂਬਰ
Tuesday, Dec 21, 2021 - 02:09 PM (IST)
ਨਵੀਂ ਦਿੱਲੀ (ਵਾਰਤਾ) : ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਸੋਮਵਾਰ ਨੂੰ ਫਿਰ ਤੋਂ ਬੈਡਮਿੰਟਨ ਵਿਸ਼ਵ ਮਹਾਂਸੰਘ (ਬੀ.ਡਬਲਯੂ.ਐੱਫ.) ਐਥਲੀਟ ਕਮਿਸ਼ਨ 2021-25 ਦੀ ਮੈਂਬਰ ਚੁਣੀ ਗਈ। ਸਾਬਕਾ ਵਿਸ਼ਵ ਚੈਂਪੀਅਨ ਉਨ੍ਹਾਂ 6 ਖਿਡਾਰੀਆਂ ਵਿਚੋਂ ਇਕ ਹੈ, ਜੋ 2025 ਤੱਕ ਮੈਂਬਰ ਦੇ ਰੂਪ ਵਿਚ ਕੰਮ ਕਰਨਗੇ। ਸਿੰਧੂ ਪਹਿਲੀ ਵਾਰ 2017 ਵਿਚ ਐਥਲੀਟ ਕਮਿਸ਼ਨ ਦੀ ਮੈਂਬਰ ਚੁਣੀ ਗਈ ਸੀ। ਇਸ ਵਾਰ ਉਹ ਇਕਮਾਤਰ ਮੈਂਬਰ ਸੀ, ਜੋ ਫਿਰ ਤੋਂ ਚੋਣਾਂ ਵਿਚ ਖੜ੍ਹੀ ਹੋਈ।
ਬੀ.ਡਬਲਯੂ.ਐਫ. ਨੇ ਬਿਆਨ ਵਿਚ ਕਿਹਾ, ‘ਸਾਨੂੰ ਆਈਰਿਸ ਵਾਂਗ (ਅਮਰੀਕਾ), ਰੌਬਿਨ ਟੇਬਲਿੰਗ (ਨੀਦਰਲੈਂਡ), ਗ੍ਰੇਸੀਆ ਪੋਲੀ (ਇੰਡੋਨੇਸ਼ੀਆ), ਕਿਮ ਸੋਯੋਂਗ (ਕੋਰੀਆ), ਪੀਵੀ ਸਿੰਧੂ (ਭਾਰਤ), ਝੇਂਗ ਸੀ ਵੇਈ (ਚੀਨ) ਦੇ ਰੂਪ ਵਿਚ ਬੀ.ਡਬਲਯੂ.ਐੱਫ. ਐਥਲੀਟ ਕਮਿਸ਼ਨ 2021-2025 ਦੇ 6 ਮੈਂਬਰਾਂ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਨਵਾਂ ਕਮਿਸ਼ਨ ਜਲਦ ਹੀ ਬੈਠਕ ਕਰੇਗਾ ਅਤੇ 6 ਮੈਂਬਰਾਂ ਵਿਚਾਲੇ ਕਮਿਸ਼ਨ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦਾ ਫ਼ੈਸਲਾ ਕਰੇਗਾ।’ ਜ਼ਿਕਰਯੋਗ ਹੈ ਕਿ ਐਥਲੀਟ ਕਮਿਸ਼ਨ ਦੇ ਨਵੇਂ ਮੈਂਬਰਾਂ ਵੱਲੋਂ ਕਮਿਸ਼ਨ ਦੇ ਪ੍ਰਧਾਨ ਨੂੰ ਚੁਣਿਆ ਜਾਂਦਾ ਹੈ ਅਤੇ ਉਸ ਨੂੰ ਬੀ.ਡਬਲਯੂ.ਐੱਫ. ਪਰਿਸ਼ਦ ਵਿਚ ਜਗ੍ਹਾ ਮਿਲਦੀ ਹੈ।