ਸਿੰਧੂ ਤੇ ਸ਼੍ਰੀਕਾਂਤ ਨੇ ਵਰਲਡ ਟੂਰ ਫਾਈਨਲ ''ਚ ਜਿੱਤ ਨਾਲ ਕੀਤੀ ਸ਼ੁਰੂਆਤ
Wednesday, Dec 01, 2021 - 05:15 PM (IST)
ਬਾਲੀ- ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਤੇ ਸ਼੍ਰੀਕਾਂਤ ਕਿਦਾਂਬੀ ਨੇ ਇੰਡੋਨੇਸ਼ੀਆ ਦੇ ਬਾਲੀ 'ਚ ਬੁੱਧਵਾਰ ਨੂੰ ਸ਼ੁਰੂ ਹੋਏ ਬੀ. ਡਬਲਯੂ. ਐੱਫ. ਵਰਲਡ ਟੂਰ ਫ਼ਾਈਨਲ 2021 ਟੂਰਨਾਮੈਂਟ 'ਚ ਜਿੱਤ ਨਾਲ ਸ਼ੁਰੂਆਤ ਕੀਤੀ। ਪੀ. ਵੀ. ਸਿੰਧੂ ਨੇ ਜਿੱਥੇ ਆਪਣੇ ਪਹਿਲੇ ਗਰੁੱਪ ਪੜਾਅ ਮੈਚ 'ਚ ਡੈਨਮਾਰਕ ਦੀ ਲਿਨ ਕ੍ਰਿਸਟੋਫਰਸਨ ਨੂੰ 21-14, 21-16 ਨਾਲ ਹਰਾਇਆ, ਜਦਕਿ ਸ਼੍ਰੀਕਾਂਤ ਨੇ 42 ਮਿੰਟ ਤਕ ਚਲੇ ਪੁਰਸ਼ ਸਿੰਗਲ ਦੇ ਗਰੁੱਪ ਬੀ. ਦੇ ਆਪਣੇ ਪਹਿਲੇ ਮੈਚ 'ਚ ਫ਼ਰਾਂਸ ਦੇ ਤੋਮਾ ਜੂਨੀਅਰ ਪੋਪੋਵ ਨੂੰ 21-14, 21-16 ਨਾਲ ਹਰਾਇਆ।
ਇਸ ਤੋਂ ਪਹਿਲਾਂ ਹਾਲਾਂਕਿ ਬੁੱਧਵਾਰ ਨੂੰ ਅਸ਼ਵਿਨੀ ਪੋਨਅੱਪਾ ਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਮਹਿਲਾ ਜੋੜੀ ਨੂੰ ਮਹਿਲਾ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਦੀ ਨਾਮੀ ਮਤਸੁਯਾਮਾ ਤੇ ਚਿਹਾਰੂ ਸ਼ਿਦਾ ਨੇ 43 ਮਿੰਟ ਤਕ ਚਲੇ ਇਸ ਮੈਚ 'ਚ ਭਾਰਤੀ ਜੋੜੀ ਨੂੰ 21-14, 21-18 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਅੱਜ ਸ਼ਾਮ ਨੂੰ ਯੁਵਾ ਖਿਡਾਰੀ ਲਕਸ਼ ਸੇਨ ਪੁਰਸ਼ ਸਿੰਗਲ ਤੇ ਸਾਤਵਿਕ ਸਾਈਰਾਜ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਆਪਣੇ ਗਰੁੱਪ ਪੜਾਅ ਦੇ ਮੈਚਾਂ 'ਚ ਚੁਣੌਤੀ ਪੇਸ਼ ਕਰੇਗੀ।
ਆਤਮਵਿਸ਼ਵਾਸ ਨਾਲ ਭਰੇ ਸ਼੍ਰੀਕਾਂਤ ਦਾ ਅਗਲਾ ਮੁਕਾਬਲਾ ਹੁਣ ਵੀਰਵਾਰ ਨੂੰ ਕੁਨਲਾਵੁਤ ਵਿਜ਼ਿਡਰਸਨ ਨਾਲ ਹੋਵੇਗਾ, ਜਦਕਿ ਪੀ.ਵੀ. ਸਿੰਧੂ ਯਵੋਨ ਲੀ ਨਾਲ ਭਿੜੇਗੀ। ਜਦਕਿ ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ ਵੀਰਵਾਰ ਨੂੰ ਆਪਣੀ ਪਹਿਲੀ ਜਿੱਤ ਦੀ ਭਾਲ 'ਚ ਹੋਵੇਗੀ, ਜਦੋਂ ਉਨ੍ਹਾਂ ਦਾ ਮੁਕਾਬਲਾ ਬੁਲਗਾਰੀਆ ਦੀ ਗੈਬ੍ਰਿਏਲਾ ਸਟੋਏਵਾ ਤੇ ਸਟੇਫਨੀ ਸਟੋਏਵਾ ਨਾਲ ਹੋਵੇਗਾ।