ਸਿੰਧੂ ਤੇ ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਦੌਰ ’ਚ, ਸੇਨ ਤੇ ਪ੍ਰਣਯ ਬਾਹਰ

Wednesday, Jun 04, 2025 - 03:09 PM (IST)

ਸਿੰਧੂ ਤੇ ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਦੌਰ ’ਚ, ਸੇਨ ਤੇ ਪ੍ਰਣਯ ਬਾਹਰ

ਜਕਾਰਤਾ– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਮੰਗਲਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ ਪਰ ਲਕਸ਼ੈ ਸੇਨ ਤੇ ਐੱਚ. ਐੱਸ. ਪ੍ਰਣਯ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਏ।

ਸਿੰਧੂ ਨੇ ਮਹਿਲਾ ਸਿੰਗਲਜ਼ ਵਿਚ ਆਪਣੀ ਪੁਰਾਣੀ ਵਿਰੋਧਣ ਜਾਪਾਨ ਦੀ ਨਾਜੋਮੀ ਓਕਹਾਰਾ ਨੂੰ ਇਕ ਘੰਟਾ 19 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿਚ 22-20, 21-23, 21-15 ਨਾਲ ਹਰਾਇਆ। ਸਿੰਧੂ ਮਹਿਲਾ ਸਿੰਗਲਜ਼ ਦੇ ਅਗਲੇ ਦੌਰ ਵਿਚ ਜਗ੍ਹਾ ਬਣਾਉਣ ਵਾਲੀ ਇਕਲੌਤੀ ਭਾਰਤੀ ਰਹੀ। ਹੁਣ ਉਸਦਾ ਸਾਹਮਣਾ ਥਾਈਲੈਂਡ ਦੀ ਛੇਵਾਂ ਦਰਜਾ ਪ੍ਰਾਪਤ ਪੋਰਨਪਾਵੀ ਚੋਚਿਵੋਂਗ ਨਾਲ ਹੋਵੇਗਾ।

ਸੇਨ ਨੇ ਇਕ ਘੰਟਾ ਤੇ 5 ਮਿੰਟ ਤੱਕ ਚੱਲੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਚੀਨ ਦੇ ਸ਼ੀ ਯੂ ਕਿਊ ਹੱਥੋਂ 11-21, 22-20, 15-21 ਨਾਲ ਹਾਰ ਜਾਣ ਤੋਂ ਪਹਿਲਾਂ ਸਖਤ ਚੁਣੌਤੀ ਪੇਸ਼ ਕੀਤੀ। ਭਾਰਤ ਦੇ ਇਸ 23 ਸਾਲਾ ਖਿਡਾਰੀ ਨੇ ਪਿੱਠ ਦੀ ਸੱਟ ਤੋਂ ਉੱਭਰ ਕੇ ਵਾਪਸੀ ਕੀਤੀ। ਸੱਟ ਕਾਰਨ ਉਹ ਪਿਛਲੇ ਹਫਤੇ ਮਲੇਸ਼ੀਆ ਓਪਨ ਵਿਚ ਮੈਚ ਦੇ ਵਿਚਾਲਿਓਂ ਹਟ ਗਿਆ ਸੀ ਪਰ ਇੱਥੇ ਉਸ ਨੇ ਟੁਕੜਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ।

ਪੁਰਸ਼ ਸਿੰਗਲਜ਼ ਵਿਚ ਐੱਚ. ਐੱਸ. ਪ੍ਰਣਯ ਵੀ ਇਸ 1,45,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਉਸ ਨੂੰ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਹੱਥੋਂ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਫਿਰ ਸਾਤਵਿਕ ਤੇ ਚਿਰਾਗ ਦੀ ਪੁਰਸ਼ ਡਬਲਜ਼ ਜੋੜੀ ਨੇ ਇੰਡੋਨੇਸ਼ੀਆ ਦੇ ਲਿਓ ਰੌਲੀ ਕਾਕਰਨਾਡੋ ਤੇ ਬਾਗਾਸ ਮੌਲਾਨਾ ਨੂੰ 67 ਮਿੰਟ ਤੱਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ਵਿਚ 18-21, 21-18, 21-14 ਨਾਲ ਹਰਾ ਕੇ ਰਾਊਂਡ-16 ਵਿਚ ਜਗ੍ਹਾ ਬਣਾਈ।
 


author

Tarsem Singh

Content Editor

Related News