ਨੀਰਜ ਦੀ ਥਾਂ ਲਵੇਗਾ ਯਸ਼ਵੀਰ, ਤੇਜਸ ਤੇ ਅਭਿਸ਼ੇਕ ਨੂੰ 77 ਖਿਡਾਰੀਆਂ ਦੀ ਟੀਮ ’ਚ ਨਹੀਂ ਮਿਲੀ ਥਾਂ
Friday, Sep 04, 2026 - 11:35 AM (IST)
ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅ ਦੇ ਐਥਲੀਟ ਯਸ਼ਵੀਰ ਸਿੰਘ ਨੂੰ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਜ਼ਖ਼ਮੀ ਨੀਰਜ ਚੋਪੜਾ ਦੀ ਜਗ੍ਹਾ ਵੀਰਵਾਰ ਨੂੰ 77 ਮੈਂਬਰੀ ਭਾਰਤੀ ਐਥਲੈਟਿਕਸ ਟੀਮ ’ਚ ਸ਼ਾਮਲ ਕੀਤਾ ਗਿਆ, ਜਦਕਿ ਦੌੜਾਕ ਅਭਿਸ਼ੇਕ ਪਾਲ ਨੂੰ ਕਥਿਤ ਡੋਪਿੰਗ ਉਲੰਘਣ ਲਈ ਨਾਡਾ (ਰਾਸ਼ਟਰੀ ਡੋਪਿੰਗ ਰੋਕੂ ਏਜੰਸੀ) ਤੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ।
ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਲੁਧਿਆਣਾ ’ਚ ਇਕ ਪ੍ਰੈੱਸ ਕਾਨਫਰੰਸ ’ਚ 19 ਸਤੰਬਰ ਤੋਂ 4 ਅਕਤੂਬਰ ਤੱਕ ਆਈਚੀ-ਨਾਗੋਆ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ 77 ਮੈਂਬਰੀ ਟਰੈਕ ਤੇ ਫੀਲਡ ਟੀਮ ਦਾ ਐਲਾਨ ਕੀਤਾ। ਲੁਧਿਆਣਾ ਅਜੇ ਰਾਸ਼ਟਰੀ ਯੂਥ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ। ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ਦੇ ਦੌੜਾਕ ਤੇਜਸ ਸ਼ਿਰਸੇ ਨੂੰ ਵੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹਾਲ ਹੀ ’ਚ ਗਲਾਸਗੋ ’ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਜ਼ਖ਼ਮੀ ਹੋ ਗਿਆ ਸੀ।
ਏ. ਐੱਫ. ਆਈ. ਪ੍ਰਧਾਨ ਬਹਾਦਰ ਸਿੰਘ ਸੱਗੂ ਨੇ ਕਿਹਾ, ‘‘ਅਸੀਂ ਨੀਰਜ ਚੋਪੜਾ ਦੀ ਜਗ੍ਹਾ ਯਸ਼ਵੀਰ ਨੂੰ ਟੀਮ ’ਚ ਸ਼ਾਮਲ ਕੀਤਾ ਹੈ ਜਿਸ ਨੇ ਰਾਸ਼ਟਰਮੰਡਲ ਖੇਡਾਂ ’ਚ ਤਮਗਾ ਜਿੱਤਿਆ ਸੀ। ਨੀਰਜ ਚੋਪੜਾ ਜ਼ਖ਼ਮੀ ਹੈ ਤੇ ਇਸ ਕਾਰਨ ਏਸ਼ੀਆਈ ਖੇਡਾਂ ’ਚ ਨਹੀਂ ਖੇਡ ਸਕੇਗਾ। ਇਹੋ ਵਜ੍ਹਾ ਸੀ ਕਿ ਟੀਮ ’ਚ ਕੁਝ ਬਦਲਾਅ ਕਰਨੇ ਪਏ।’’
ਉਸ ਨੇ ਕਿਹਾ, ‘‘ਅਭਿਸ਼ੇਕ ਪਾਲ ਨੂੰ ਕੁਝ ਸਮੱਸਿਆਵਾਂ ਦੇ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਏਸ਼ੀਆਈ ਖੇਡਾਂ ਲਈ ਇਹ ਅੰਤਿਮ ਟੀਮ ਹੈ।’’ ਅਭਿਸ਼ੇਕ ਨੂੰ ਪਿਛਲੇ ਮਹੀਨੇ ਨਾਡਾ ਨੇ ਨੋਟਿਸ ਭੇਜਿਆ ਸੀ ਕਿਉਂਕਿ ਉਸ ਦੇ ਡੋਪਿੰਗ ਨਮੂਨੇ ’ਚ ਮਹਿਲਾਵਾਂ ਦੀ ਸ਼ਕਤੀ ਵਧਾਉਣ ਵਾਲੀ ਦਵਾਈ ਪਾਈ ਗਈ ਸੀ।
ਏ. ਐੱਫ. ਆਈ. ਦੇ ਸਾਬਕਾ ਸਕੱਤਰ ਤੇ ਵਰਤਮਾਨ ’ਚ ਮਹਾਸੰਘ ਦੇ ਯੋਜਨਾ ਵਿਭਾਗ ਦੇ ਮੁਖੀ ਲਲਿਤ ਭਨੋਟ ਨੇ ਕਿਹਾ, ‘‘ਅਭਿਸ਼ੇਕ ਦੇ ਡੋਪਿੰਗ ਟੈਸਟ ’ਚ ਪਾਜ਼ੇਟਿਵ ਆਉਣ ਦਾ ਮਾਮਲਾ ਨਹੀਂ ਹੈ। ਉਸ ਦੇ ਸਰੀਰ ’ਚ ਡੋਪਿੰਗ ਪਦਾਰਥ ਦੀ ਮਾਤਰਾ ਨਿਰਧਾਰਿਤ ਹੱਦ ਤੋਂ ਘੱਟ ਹੈ। ਨਾਡਾ ਫਿਲਹਾਲ ਇਸ ਦੀ ਜਾਂਚ ਕਰ ਰਿਹਾ ਹੈ ਪਰ ਅਸੀਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਸੀ। ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ’ਤੇ ਉਂਗਲ ਚੁੱਕੇ। ਇਸ ਲਈ ਅਸੀਂ ਅਭਿਸ਼ੇਕ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਹੈ।’’
ਖੇਡ ਮੰਤਰਾਲੇ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ 73 ਮੈਂਬਰੀ ਐਥਲੈਟਿਕਸ ਟੀਮ ਦਾ ਐਲਾਨ ਕੀਤਾ ਸੀ ਜਿਸ ’ਚ ਸ਼ਿਰਸੇ ਤੇ ਅਭਿਸ਼ੇਕ ਵੀ ਸ਼ਾਮਲ ਸਨ। ਮੰਤਰਾਲੇ ਨੇ ਹੁਣ 6 ਨਵੇਂ ਖਿਡਾਰੀਆਂ ਨੂੰ ਟੀਮ ’ਚ ਸ਼ਾਮਲ ਕੀਤਾ। ਇਨ੍ਹਾਂ ਖਿਡਾਰੀਆਂ ’ਚ 200 ਮੀਟਰ ਦੀ ਦੌੜਾਕ ਹਰਿਤਾ ਭਦਰਾ, 400 ਮੀਟਰ ਦੌੜ ’ਚ ਹਿੱਸਾ ਲੈਣ ਵਾਲੀ ਕਿਰਨ ਪਹਲ, ਪੋਲ ਵਾਲਟਰ ਸਿੰਧੂਸ਼੍ਰੀ ਜੀ, ਟ੍ਰਿਪਲ ਜੰਪ ਦੀ ਅੈਥਲੀਟ ਆਸ਼ਾ ਇਲਾਂਗੋ, ਡਿਸਕਸ ਥ੍ਰੋਅਰ ਸਾਨੀਆ ਯਾਦਵ ਅਤੇ ਹੈਮਰ ਥ੍ਰੋਅਰ ਪ੍ਰਵੀਨ ਕੁਮਾਰ ਸ਼ਾਮਲ ਹਨ। ਇਸ ਤਰ੍ਹਾਂ ਨਾਲ ਪਹਿਲਾਂ ਐਲਾਨੇ ਗਏ 73 ਖਿਡਾਰੀਆਂ ’ਚੋਂ ਦੋ ਖਿਡਾਰੀਆਂ ਅਭਿਸ਼ੇਕ ਅਤੇ ਸ਼ਿਰਸੇ ਦੇ ਬਾਹਰ ਹੋਣ ਅਤੇ ਬੁੱਧਵਾਰ ਨੂੰ 6 ਖਿਡਾਰੀਆਂ ਦੇ ਜੁੜਨ ਨਾਲ ਅੰਤਿਮ ਗਿਣਤੀ 77 ਹੋ ਗਈ ਹੈ।
