ਬੈਡਮਿੰਟਨ ਚਾਈਨਾ ਮਾਸਟਰਜ਼ ''ਚ ਲਕਸ਼ੈ ਕਰੇਗਾ ਭਾਰਤ ਦੀ ਅਗਵਾਈ ! 3 ਨੌਜਵਾਨ ਖਿਡਾਰੀਆਂ ’ਤੇ ਹੋਵੇਗੀ ਨਜ਼ਰ
Tuesday, Sep 01, 2026 - 02:16 PM (IST)
ਸਪੋਰਟਸ ਡੈਸਕ- ਵਿਸ਼ਵ ਚੈਂਪੀਅਨਸ਼ਿਪ ’ਚ ਸ਼ੁਰੂਆਤ ਤੋਂ ਹੀ ਬਾਹਰ ਹੋਣ ਵਾਲਾ ਲਕਸ਼ੈ ਸੇਨ ਆਪਣੀ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ 1,250,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਚਾਈਨਾ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ।
ਸੇਨ ਨੂੰ ਹਾਲਾਂਕਿ ਪਹਿਲੇ ਦੌਰ ’ਚ ਹੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਹ ਆਪਣੇ ਸ਼ੁਰੂਆਤੀ ਮੈਚ ’ਚ ਫਰਾਂਸ ਦੇ ਵਿਸ਼ਵ ਚੈਂਪੀਅਨ ਐਲੇਕਸ ਲੈਨੀਅਰ ਦਾ ਸਾਹਮਣਾ ਕਰੇਗਾ। ਜੂਨ ’ਚ ਯੂ.ਐੱਸ. ਓਪਨ ਸੁਪਰ 300 ਦੇ ਫਾਈਨਲ ’ਚ ਪਹੁੰਚਣ ਵਾਲਾ ਕਿਦਾਂਬੀ ਸ਼੍ਰੀਕਾਂਤ ਪਹਿਲੇ ਮੈਚ ’ਚ ਚੀਨੀ ਤਾਈਪੇ ਦੇ ਚੀ ਯੂ-ਜੇਨ ਦਾ ਸਾਹਮਣਾ ਕਰੇਗਾ। ਇਸ ਸੈਸ਼ਨ ’ਚ ਉਸ ਦਾ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਕੈਨੇਡਾ ਓਪਨ ’ਚ ਸੱਟ ਕਾਰਨ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ, ਜਿਸ ਤੋਂ ਬਾਅਦ ਕੋਰੀਆ ਮਾਸਟਰਜ਼ ’ਚ ਵੀ ਉਹ ਪਹਿਲੇ ਹੀ ਦੌਰ ’ਚ ਬਾਹਰ ਹੋ ਗਿਆ।
ਪੁਰਸ਼ ਡਬਲਜ਼ ’ਚ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਤੋਂ ਭਾਰਤ ਨੂੰ ਕਾਫੀ ਉਮੀਦ ਹੋਵੇਗੀ। ਸਾਤਵਿਕ ਤੇ ਚਿਰਾਗ ਨੇ ਇਸ ਸਾਲ ਦੀ ਸ਼ੁਰੂਆਤ ’ਚ ਸਿੰਗਾਪੁਰ ਓਪਨ ਜਿੱਤ ਕੇ 2 ਸਾਲ ਦਾ ਕੌਮਾਂਤਰੀ ਖਿਤਾਬ ਦਾ ਇੰਤਜ਼ਾਰ ਖਤਮ ਕੀਤਾ। ਉਹ ਚੀਨ ਦੇ ਹੂ ਕੇ ਯੂਆਨ ਤੇ ਲਿਨ ਜਿਆਂਗ ਯੀ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ।
ਮਹਿਲਾ ਸਿੰਗਲਜ਼ ’ਚ ਭਾਰਤ ਦੀਆਂ ਨਜ਼ਰਾਂ 3 ਨੌਜਵਾਨ ਖਿਡਾਰੀਆਂ ਉੱਨਤੀ ਹੁੱਡਾ, ਤਨਵੀ ਸ਼ਰਮਾ ਤੇ ਦੇਵਿਕਾ ਸਿਹਾਗ ’ਤੇ ਟਿਕੀਆਂ ਰਹਿਣਗੀਆਂ। ਰੋਹਤਕ ਦੀ 18 ਸਾਲਾ ਉੱਨਤੀ ਦਾ ਸਾਹਮਣਾ 5ਵਾਂ ਦਰਜਾ ਪ੍ਰਾਪਤ ਚੀਨ ਦੀ ਹਾਨ ਯੂ ਨਾਲ ਹੋਵੇਗਾ। ਤਨਵੀ ਦਾ ਮੁਕਾਬਲਾ ਡੈੱਨਮਾਰਕ ਦੀ ਅਮਾਲੀ ਸ਼ੁਲਜ਼ ਨਾਲ ਹੋਵੇਗਾ ਤੇ ਦੇਵਿਕਾ ਦਾ ਬੁਲਗਾਰੀਆ ਦੀ ਕਾਲੋਯਾਨਾ ਨਲਬੰਤੋਵਾ ਨਾਲ ਹੋਵੇਗਾ।
ਹੋਰ ਮੁਕਾਬਲਿਆਂ ’ਚ ਹਰੀਹਰਨ ਆਮਸਕਾਰੂਨਨ ਤੇ ਐੱਮ. ਆਰ. ਅਰਜੁਨ ਦੀ ਪੁਰਸ਼ ਜੋੜੀ ਦਾ ਸਾਹਮਣਾ 8ਵਾਂ ਦਰਜਾ ਪ੍ਰਾਪਤ ਜਾਪਾਨੀ ਜੋੜੀ ਤਾਕੁਰੋ ਹੋਕੀ ਤੇ ਯੂਗੋ ਕੋਬਾਯਾਸ਼ੀ ਨਾਲ ਹੋਵੇਗਾ, ਜਿਹੜੇ 2021 ਦੇ ਵਿਸ਼ਵ ਚੈਂਪੀਅਨ ਹਨ। ਮਿਕਸਡ ਡਬਲਜ਼ ’ਚ ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਦਾ ਮੁਕਾਬਲਾ ਥਾਈ ਜੋੜੀ ਟੋਨਕਿਡ ਤੇ ਟੋਨਰੁਗ ਸਾਸੇਹੇਂਗ ਨਾਲ, ਜਦਕਿ ਰੋਹਨ ਕਪੂਰ ਤੇ ਰੁਥਵਿਕਾ ਸ਼ਿਵਾਨੀ ਗੱਡੇ ਦਾ ਸਾਹਮਣਾ ਚੀਨੀ ਤਾਈਪੇ ਦੇ ਵੂ ਗੁਆਨ ਸ਼ੁਨ ਤੇ ਲੀ ਚਿਆ ਹਸਿਨ ਨਾਲ ਹੋਵੇਗਾ।
